ਐਮੀ ਵਿਰਕ ਨੂੰ ਲੈ ਕੇ ਕੈਨੇਡਾ ਤੋਂ ਆਈ ਚਿੰਤਾ ਵਾਲੀ ਖ਼ਬਰ ’ਤੇ ਲੱਗੀ ਰੋਕ, ਪਿਤਾ ਨੇ ਦੱਸੀ ਪੂਰੀ ਸੱਚਾਈ

ਐਮੀ ਵਿਰਕ ਨੂੰ ਲੈ ਕੇ ਕੈਨੇਡਾ ਤੋਂ ਆਈ ਚਿੰਤਾ ਵਾਲੀ ਖ਼ਬਰ ’ਤੇ ਲੱਗੀ ਰੋਕ, ਪਿਤਾ ਨੇ ਦੱਸੀ ਪੂਰੀ ਸੱਚਾਈ

ਐਮੀ ਵਿਰਕ ਦੇ ਪਿਤਾ ਅਤੇ ਪਿੰਡ ਲੋਹਰਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਨੇ ਉਨ੍ਹਾਂ ਨਾਲ ਜੁੜੀ ਕਥਿਤ ਫਾਈਰਿੰਗ ਦੀ ਖ਼ਬਰ ਨੂੰ ਅਫਵਾਹ ਕਰਾਰ ਦਿੰਦਿਆਂ ਕਿਹਾ ਹੈ ਕਿ ਐਮੀ ਬਿਲਕੁਲ ਸੁਰੱਖਿਅਤ ਹਨ।

ਨਾਭਾ

ਬਿਊਰੋ ਰਿਪੋਰਟ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ਵਿਚਕਾਰ ਉਨ੍ਹਾਂ ਦੇ ਪਿਤਾ ਨੇ ਅਹਿਮ ਸਪਸ਼ਟੀਕਰਨ ਦਿੱਤਾ ਹੈ। ਐਮੀ ਵਿਰਕ ਦੇ ਪਿਤਾ ਅਤੇ ਪਿੰਡ ਲੋਹਰਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਨੇ ਉਨ੍ਹਾਂ ਨਾਲ ਜੁੜੀ ਕਥਿਤ ਫਾਈਰਿੰਗ ਦੀ ਖ਼ਬਰ ਨੂੰ ਅਫਵਾਹ ਕਰਾਰ ਦਿੰਦਿਆਂ ਕਿਹਾ ਹੈ ਕਿ ਐਮੀ ਬਿਲਕੁਲ ਸੁਰੱਖਿਅਤ ਹਨ।

ਕੁਲਜੀਤ ਸਿੰਘ ਨੇ ਫ਼ੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਵੇਰੇ ਐਮੀ ਵਿਰਕ ਨਾਲ ਗੱਲ ਹੋਈ ਸੀ। ਉਨ੍ਹਾਂ ਮੁਤਾਬਕ ਐਮੀ ਇਸ ਸਮੇਂ ਟੋਰਾਂਟੋ ਸਥਿਤ ਆਪਣੇ ਘਰ ਵਿੱਚ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।

ਪਿਤਾ ਨੇ ਅਪੁਸ਼ਟ ਖ਼ਬਰਾਂ ’ਤੇ ਭਰੋਸਾ ਨਾ ਕਰਨ ਲਈ ਕਿਹਾ

ਐਮੀ ਵਿਰਕ ਦੇ ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਪੁਸ਼ਟ ਖ਼ਬਰਾਂ ਨੂੰ ਸੱਚ ਨਾ ਮੰਨਣ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੱਖ-ਵੱਖ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਹਰ ਅਜਿਹੀ ਘਟਨਾ ਨੂੰ ਐਮੀ ਵਿਰਕ ਨਾਲ ਜੋੜਨਾ ਸਹੀ ਨਹੀਂ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਐਮੀ ਵਿਰਕ ਦਾ 5 ਸਤੰਬਰ ਨੂੰ ਕੈਨੇਡਾ ਵਿੱਚ ਸ਼ੋਅ ਸੀ ਅਤੇ ਇਸ ਤੋਂ ਬਾਅਦ ਉਹ ਆਪਣੇ ਘਰ ਵਿੱਚ ਸੁਰੱਖਿਅਤ ਹਨ।

ਐਬਟਸਫੋਰਡ ਦੀ ਘਟਨਾ ਨਾਲ ਜੋੜ ਕੇ ਫੈਲਾਈ ਗਈ ਸੀ ਖ਼ਬਰ

ਦਰਅਸਲ, ਕੁਝ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਮੀ ਵਿਰਕ ਦੇ ਕਾਫਲੇ ਨੂੰ ਕੈਨੇਡਾ ਦੇ ਐਬਟਸਫੋਰਡ ਵਿੱਚ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਦਾਅਵਿਆਂ ਮੁਤਾਬਕ 5 ਸਤੰਬਰ ਦੀ ਰਾਤ ‘ਯੂਨਿਟੀ ਟੂਰ’ ਕੰਸਰਟ ਤੋਂ ਬਾਅਦ ਮੈਕਕੈਲਮ ਰੋਡ ’ਤੇ ਇੱਕ ਲਗਜ਼ਰੀ ਵਾਹਨ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ।

ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ ਅਤੇ ਹੁਣ ਐਮੀ ਵਿਰਕ ਦੇ ਪਿਤਾ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਐਮੀ ਦੀ ਕਾਰ ’ਤੇ ਕਿਸੇ ਤਰ੍ਹਾਂ ਦੀ ਫਾਈਰਿੰਗ ਨਹੀਂ ਹੋਈ।

SUV ਨੂੰ ਅੱਗ ਲੱਗਣ ਦੀ ਘਟਨਾ ਨੇ ਪੈਦਾ ਕੀਤਾ ਸੀ ਭੰਬਲਭੂਸਾ

ਇਸ ਮਾਮਲੇ ਦੌਰਾਨ ਸਨੀਸਾਈਡ ਪਲੇਸ ਦੇ 2400-ਬਲਾਕ ਵਿੱਚ ਇੱਕ SUV ਨੂੰ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵਾਹਨ ਨੂੰ ਸੜੀ ਹੋਈ ਹਾਲਤ ਵਿੱਚ ਬਰਾਮਦ ਕੀਤਾ ਸੀ।

ਜਾਂਚ ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ ਕਿ SUV ਨੂੰ ਅੱਗ ਲੱਗਣ ਅਤੇ ਕਥਿਤ ਗੋਲੀਬਾਰੀ ਦੀਆਂ ਰਿਪੋਰਟਾਂ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ।

ਫਿਲਹਾਲ ਐਮੀ ਵਿਰਕ ਦੇ ਪਿਤਾ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫੈਲੀ ਚਿੰਤਾ ਵਾਲੀ ਖ਼ਬਰ ’ਤੇ ਸਥਿਤੀ ਸਪਸ਼ਟ ਹੋ ਗਈ ਹੈ। ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਐਮੀ ਵਿਰਕ ਸੁਰੱਖਿਅਤ ਹਨ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *