ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਜਾਣ ਦੀ ਇਜਾਜ਼ਤ ਨਹੀਂ, ਹਾਈ ਕੋਰਟ ਨੇ PGI ਚੰਡੀਗੜ੍ਹ ਤੋਂ ਇਲਾਜ ਦੇ ਦਿੱਤੇ ਹੁਕਮ

ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਜਾਣ ਦੀ ਇਜਾਜ਼ਤ ਨਹੀਂ, ਹਾਈ ਕੋਰਟ ਨੇ PGI ਚੰਡੀਗੜ੍ਹ ਤੋਂ ਇਲਾਜ ਦੇ ਦਿੱਤੇ ਹੁਕਮ

ਅਦਾਲਤ ਨੇ ਰਾਜੋਆਣਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਬਜਾਏ ਚੰਡੀਗੜ੍ਹ ਸਥਿਤ ਪੀਜੀਆਈ ਤੋਂ ਹੀ ਇਲਾਜ ਕਰਵਾਉਣ ਲਈ ਕਿਹਾ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਬਲਵੰਤ ਸਿੰਘ ਰਾਜੋਆਣਾ ਦੇ ਅੱਖਾਂ ਦੇ ਇਲਾਜ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਰਾਜੋਆਣਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਬਜਾਏ ਚੰਡੀਗੜ੍ਹ ਸਥਿਤ ਪੀਜੀਆਈ ਤੋਂ ਹੀ ਇਲਾਜ ਕਰਵਾਉਣ ਲਈ ਕਿਹਾ ਹੈ। ਇਹ ਫੈਸਲਾ ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਆਇਆ।

ਦੋਵੇਂ ਅੱਖਾਂ ਵਿੱਚ ਮੋਤੀਆਬਿੰਦ ਦੀ ਸ਼ਿਕਾਇਤ

ਰਾਜੋਆਣਾ ਵੱਲੋਂ ਆਪਣੀਆਂ ਦੋਵੇਂ ਅੱਖਾਂ ਵਿੱਚ ਮੋਤੀਆਬਿੰਦ ਦੀ ਸਮੱਸਿਆ ਹੋਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਮੁਤਾਬਕ ਅੱਖਾਂ ਵਿੱਚ ਦਰਦ ਹੋਣ ਕਾਰਨ ਇਲਾਜ ਦੀ ਲੋੜ ਹੈ ਅਤੇ ਸਰਜਰੀ ਵੀ ਕਰਵਾਉਣੀ ਪੈ ਸਕਦੀ ਹੈ। ਇਸ ਸਬੰਧੀ ਜਨਵਰੀ ਮਹੀਨੇ ਦੌਰਾਨ ਪੀਜੀਆਈ ਚੰਡੀਗੜ੍ਹ ਵਿੱਚ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਵੀ ਹੋਈ ਸੀ।

ਇਸ ਤੋਂ ਬਾਅਦ ਰਾਜੋਆਣਾ ਨੇ ਹਾਈ ਕੋਰਟ ਦਾ ਰੁਖ ਕਰਦਿਆਂ ਪਟਿਆਲਾ ਸਥਿਤ ਡਾ. ਆਰ.ਐਸ. ਰੰਧਾਵਾ ਆਈ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਇਜਾਜ਼ਤ ਮੰਗੀ ਸੀ।

ਸੁਰੱਖਿਆ ਹੇਠ ਨਿੱਜੀ ਹਸਪਤਾਲ ਜਾਣ ਦੀ ਕੀਤੀ ਸੀ ਮੰਗ

ਪਟੀਸ਼ਨ ਵਿੱਚ ਰਾਜੋਆਣਾ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਹ ਲੰਬੇ ਸਮੇਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪੁਲਿਸ ਸੁਰੱਖਿਆ ਦੇ ਪ੍ਰਬੰਧਾਂ ਹੇਠ ਆਪਣੇ ਖਰਚੇ ’ਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਅੱਖਾਂ ਦਾ ਇਲਾਜ ਕਰਵਾਉਣ ਲਈ ਤਿਆਰ ਹਨ।

ਉਨ੍ਹਾਂ ਵੱਲੋਂ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਅੱਖਾਂ ਦੀ ਸਮੱਸਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਲੋੜੀਂਦੀ ਸਰਜਰੀ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ।

ਜਨਵਰੀ ’ਚ PGI ’ਚ ਹੋ ਚੁੱਕੀ ਸੀ ਜਾਂਚ

ਸੁਣਵਾਈ ਦੌਰਾਨ ਹਾਈ ਕੋਰਟ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਕਿ ਰਾਜੋਆਣਾ ਦੀਆਂ ਅੱਖਾਂ ਦੀ ਜਾਂਚ ਪਹਿਲਾਂ ਹੀ ਪੀਜੀਆਈ ਚੰਡੀਗੜ੍ਹ ਵਿੱਚ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਸਵਾਲ ਕੀਤਾ ਕਿ ਜਦੋਂ ਪੀਜੀਆਈ ਵਿੱਚ ਪਹਿਲਾਂ ਹੀ ਜਾਂਚ ਹੋ ਚੁੱਕੀ ਹੈ ਤਾਂ ਪਟਿਆਲਾ ਦੇ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਲੋੜ ਕਿਉਂ ਹੈ।

ਇਸ ਤੋਂ ਬਾਅਦ ਅਦਾਲਤ ਨੇ ਰਾਜੋਆਣਾ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਤੋਂ ਹੀ ਅੱਖਾਂ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਤਰ੍ਹਾਂ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਉਨ੍ਹਾਂ ਦੀ ਮੰਗ ’ਤੇ ਹਾਈ ਕੋਰਟ ਨੇ ਰਾਹਤ ਨਹੀਂ ਦਿੱਤੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *