100% ਸ਼ੁੱਧਤਾ ਦੇ ਦਾਅਵੇ ‘ਤੇ FSSAI ਦੀ ਸਖ਼ਤ ਕਾਰਵਾਈ, ਡਾਬਰ ਦੇ ਕਈ ਉਤਪਾਦਾਂ ਦੀ ਵਿਕਰੀ ‘ਤੇ ਲੱਗੀ ਰੋਕ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ਕੰਪਨੀ ਦੇ ਘਿਓ, ਸ਼ਹਿਦ ਸਮੇਤ ਕਈ ਭੋਜਨ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਚੰਡੀਗੜ੍ਹ
ਬਿਊਰੋ ਰਿਪੋਰਟ
ਭਾਰਤ ਦੀਆਂ ਸਭ ਤੋਂ ਪੁਰਾਣੀਆਂ FMCG ਕੰਪਨੀਆਂ ਵਿੱਚੋਂ ਇੱਕ ਡਾਬਰ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ਕੰਪਨੀ ਦੇ ਘਿਓ, ਸ਼ਹਿਦ ਸਮੇਤ ਕਈ ਭੋਜਨ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਕਾਰਵਾਈ ਉਨ੍ਹਾਂ ਉਤਪਾਦਾਂ ‘ਤੇ ਕੀਤੇ ਗਏ “100 ਫੀਸਦ ਸ਼ੁੱਧ” ਹੋਣ ਦੇ ਦਾਅਵਿਆਂ ਨੂੰ ਲੈ ਕੇ ਕੀਤੀ ਗਈ ਹੈ।
FSSAI ਨੇ ਡਾਬਰ ਇੰਡੀਆ ਨੂੰ ਆਪਣੇ ਕਈ ਉਤਪਾਦਾਂ ਦੀ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ ਹੈ। ਅਥਾਰਟੀ ਦਾ ਕਹਿਣਾ ਹੈ ਕਿ “100 ਫੀਸਦ ਸ਼ੁੱਧ” ਵਰਗੇ ਦਾਅਵੇ ਸਪੱਸ਼ਟ ਸਬੂਤਾਂ ਨਾਲ ਸਾਬਤ ਨਹੀਂ ਕੀਤੇ ਗਏ ਅਤੇ ਇਹ ਖਪਤਕਾਰਾਂ ਨੂੰ ਗੁੰਮਰਾਹ ਕਰ ਸਕਦੇ ਹਨ।
ਇਸ ਕਾਰਵਾਈ ਦਾ ਅਸਰ ਕੰਪਨੀ ਦੇ ਸ਼ੇਅਰਾਂ ‘ਤੇ ਵੀ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਡਾਬਰ ਇੰਡੀਆ ਦਾ ਸ਼ੇਅਰ 2.42 ਫੀਸਦੀ ਡਿੱਗ ਕੇ 415.50 ਰੁਪਏ ‘ਤੇ ਬੰਦ ਹੋਇਆ।
ਕਿਹੜੇ ਉਤਪਾਦਾਂ ‘ਤੇ ਹੋਈ ਕਾਰਵਾਈ?
FSSAI ਦੇ ਹੁਕਮਾਂ ਅਨੁਸਾਰ ਸ਼ਹਿਦ, ਸੇਬ ਸਾਈਡਰ ਸਿਰਕਾ, ਵਰਜਿਨ ਨਾਰੀਅਲ ਤੇਲ, ਤਿਲ ਦਾ ਤੇਲ, ਗਾਂ ਦਾ ਘਿਓ, ਨਾਰੀਅਲ ਪਾਣੀ ਅਤੇ ਨਾਰੀਅਲ ਦਾ ਦੁੱਧ ਵਰਗੇ ਉਤਪਾਦ ਇਸ ਕਾਰਵਾਈ ਦੇ ਘੇਰੇ ਵਿੱਚ ਆਏ ਹਨ, ਜਿਨ੍ਹਾਂ ‘ਤੇ “100 ਫੀਸਦ ਸ਼ੁੱਧ” ਹੋਣ ਦਾ ਦਾਅਵਾ ਕੀਤਾ ਗਿਆ ਸੀ।
“100%” ਦਾਅਵਿਆਂ ‘ਤੇ ਕਿਉਂ ਉੱਠੇ ਸਵਾਲ?
FSSAI ਦੇ ਮੁਤਾਬਕ ਡਾਬਰ ਦੀ ਵੈੱਬਸਾਈਟ ‘ਤੇ “100% ਕੁਦਰਤੀ”, “100% ਸ਼ੁੱਧ”, “100% ਸ਼ੁੱਧਤਾ ਦੀ ਗਾਰੰਟੀ”, “100% ਜੈਵਿਕ” ਅਤੇ “100% ਟੈਂਡਰ ਨਾਰੀਅਲ ਪਾਣੀ” ਵਰਗੇ ਦਾਅਵੇ ਕੀਤੇ ਗਏ ਸਨ।
ਫੂਡ ਰੈਗੂਲੇਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ “100%” ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਇਸ਼ਤਿਹਾਰਬਾਜ਼ੀ ਅਤੇ ਦਾਅਵੇ) ਨਿਯਮ, 2018 ਦੀ ਉਲੰਘਣਾ ਕਰਦੇ ਹਨ, ਕਿਉਂਕਿ ਇਹ ਅਸਪਸ਼ਟ, ਅਪ੍ਰਮਾਣਿਤ ਅਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਦੀ ਸੰਭਾਵਨਾ ਰੱਖਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
