ਸਕੂਲ ਤੋਂ ਅਚਾਨਕ ਲਾਪਤਾ ਹੋਇਆ 14 ਸਾਲਾ ਵਿਦਿਆਰਥੀ, ਪਰਿਵਾਰ ਨੇ ਸਕੂਲ ਪ੍ਰਬੰਧਨ ‘ਤੇ ਲਾਏ ਲਾਪਰਵਾਹੀ ਦੇ ਇਲਜ਼ਾਮ

ਸਕੂਲ ਤੋਂ ਅਚਾਨਕ ਲਾਪਤਾ ਹੋਇਆ 14 ਸਾਲਾ ਵਿਦਿਆਰਥੀ, ਪਰਿਵਾਰ ਨੇ ਸਕੂਲ ਪ੍ਰਬੰਧਨ ‘ਤੇ ਲਾਏ ਲਾਪਰਵਾਹੀ ਦੇ ਇਲਜ਼ਾਮ

ਇਸ ਸਬੰਧੀ ਏਐਸਆਈ ਸਰੀਫ ਮਸੀਹ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਐੱਫ.ਆਈ.ਆਰ. ਨੰਬਰ 168 ਦਰਜ ਕਰ ਲਈ ਗਈ ਹੈ।

ਬਟਾਲਾ

ਬਿਊਰੋ ਰਿਪੋਰਟ

ਡੇਰਾ ਬਾਬਾ ਨਾਨਕ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਦਸਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਜਸਕਰਨ ਸਿੰਘ ਰਹੱਸਮਈ ਹਾਲਾਤਾਂ ਵਿੱਚ ਗਾਇਬ ਹੋ ਗਿਆ। ਲਾਪਤਾ ਬੱਚੇ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ, ਵਾਸੀ ਵਾਰਡ ਨੰਬਰ 5, ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਬੇਹੱਦ ਪਰੇਸ਼ਾਨ ਹੈ, ਜਦਕਿ ਇਲਾਕੇ ਦੇ ਲੋਕਾਂ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਜਸਕਰਨ ਦੀ ਦਾਦੀ ਅਮਰਜੀਤ ਕੌਰ, ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਾ ਹਰ ਦਿਨ ਵਾਂਗ ਸਵੇਰੇ ਸਕੂਲ ਗਿਆ ਸੀ, ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਹੁੰਚਿਆ। ਜਦੋਂ ਦੁਪਹਿਰ ਕਰੀਬ 2:30 ਵਜੇ ਤੱਕ ਵੀ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਕੂਲ ਵਿੱਚ ਪੁੱਛਗਿੱਛ ਕਰਨ ‘ਤੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਜਸਕਰਨ ਨੂੰ ਇਹ ਕਹਿ ਕੇ ਬਾਹਰ ਬੁਲਾਇਆ ਕਿ ਉਸ ਦੇ ਪਿਤਾ ਉਸ ਨੂੰ ਲੈਣ ਲਈ ਆਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਸਕਰਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਲਾਪਤਾ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਝੂਠਾ ਬਹਾਨਾ ਬਣਾ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ।

ਬੱਚੇ ਦੇ ਮਾਮੇ ਨੇ ਸਕੂਲ ਪ੍ਰਸ਼ਾਸਨ ‘ਤੇ ਅਣਗਹਿਲੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਲੈਣ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਕੋਈ ਪ੍ਰਭਾਵਸ਼ਾਲੀ ਪ੍ਰਬੰਧ ਨਹੀਂ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਘਟਨਾ ਸਮੇਂ ਸਕੂਲ ਦੇ ਸੀਸੀਟੀਵੀ ਕੈਮਰੇ ਬੰਦ ਸਨ, ਜਿਸ ਕਾਰਨ ਜਾਂਚ ਵਿੱਚ ਰੁਕਾਵਟ ਆ ਸਕਦੀ ਹੈ। ਦੂਜੇ ਪਾਸੇ ਸਕੂਲ ਦੀ ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਅਤੇ ਫਿਲਹਾਲ ਉਹ ਇਸ ਬਾਰੇ ਵਧੇਰੇ ਕੁਝ ਨਹੀਂ ਕਹਿ ਸਕਦੇ।

ਇਸ ਸਬੰਧੀ ਏਐਸਆਈ ਸਰੀਫ ਮਸੀਹ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਐੱਫ.ਆਈ.ਆਰ. ਨੰਬਰ 168 ਦਰਜ ਕਰ ਲਈ ਗਈ ਹੈ। ਸ਼ਿਕਾਇਤ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਜਸਕਰਨ ਸਿੰਘ ਨੂੰ ਸਕੂਲ ਤੋਂ ਆਪਣੇ ਨਾਲ ਲੈ ਗਿਆ, ਜਦਕਿ ਉਸ ਦਾ ਸਕੂਲ ਬੈਗ ਸਕੂਲ ਦੇ ਅੰਦਰ ਹੀ ਮਿਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਪੱਖ ਤੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਭਾਲ ਲਈ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ ਅਤੇ ਦੋਸ਼ੀਆਂ ਦੀ ਪਛਾਣ ਹੁੰਦਿਆਂ ਹੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਬੱਚੇ ਨੂੰ ਜਲਦ ਸੁਰੱਖਿਅਤ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *