ਬਰਨਾਲਾ ਲਾਠੀਚਾਰਜ ਮਾਮਲੇ ‘ਤੇ ਅੱਜ ਪੰਜਾਬ ਬੰਦ, 9 ਜ਼ਿਲ੍ਹਿਆਂ ‘ਚ ਵਿਆਪਕ ਅਸਰ; ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਬੰਦ

ਬਰਨਾਲਾ ਲਾਠੀਚਾਰਜ ਮਾਮਲੇ ‘ਤੇ ਅੱਜ ਪੰਜਾਬ ਬੰਦ, 9 ਜ਼ਿਲ੍ਹਿਆਂ ‘ਚ ਵਿਆਪਕ ਅਸਰ; ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਬੰਦ

ਕਈ ਥਾਵਾਂ ‘ਤੇ ਸਕੂਲ, ਕਾਲਜ, ਬਾਜ਼ਾਰ, ਮਾਲ ਅਤੇ ਹੋਰ ਵਪਾਰਕ ਅਦਾਰੇ ਬੰਦ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ।

 

ਸ੍ਰੀ ਅਮ੍ਰਿਤਸਰ ਸਾਹਿਬ

ਬਿਊਰੋ ਰਿਪੋਰਟ

ਬਰਨਾਲਾ ਵਿੱਚ ਸਫਾਈ ਸੇਵਕਾਂ ਉੱਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਸਫਾਈ ਸੇਵਕ ਯੂਨੀਅਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਰਵਾਂ ਸਮਰਥਨ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਸਕੂਲ, ਕਾਲਜ, ਬਾਜ਼ਾਰ, ਮਾਲ ਅਤੇ ਹੋਰ ਵਪਾਰਕ ਅਦਾਰੇ ਬੰਦ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ।

ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਬਰਨਾਲਾ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਸਫਾਈ ਸੇਵਕਾਂ ‘ਤੇ ਲਾਠੀਚਾਰਜ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੌਰਾਨ ਮਹਿਲਾਵਾਂ ਨਾਲ ਵੀ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ ਗਈ। ਇਸੇ ਘਟਨਾ ਦੇ ਵਿਰੋਧ ਵਜੋਂ ਅੱਜ ਸੂਬਾ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਹੜਤਾਲੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧੇ ਅਤੇ ਪੰਜ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨੀਤੀ ਦਾ ਐਲਾਨ ਕੀਤਾ ਸੀ। ਹਾਲਾਂਕਿ ਸਫਾਈ ਸੇਵਕ ਯੂਨੀਅਨਾਂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਅਤੇ 40,000 ਰੁਪਏ ਮਹੀਨਾਵਾਰ ਤਨਖਾਹ ਦੀ ਮੰਗ ‘ਤੇ ਕਾਇਮ ਹਨ।

ਕਿਹੜੇ ਜ਼ਿਲ੍ਹਿਆਂ ਵਿੱਚ ਰਹੇਗਾ ਬੰਦ ਦਾ ਅਸਰ?

ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਵੱਖ-ਵੱਖ ਸੰਗਠਨਾਂ ਨੇ ਬੰਦ ਨੂੰ ਸਮਰਥਨ ਦਿੱਤਾ ਹੈ। ਉੱਥੇ ਹੀ ਜਲੰਧਰ ਵਿੱਚ ਮੁਕੰਮਲ ਬੰਦ ਨਹੀਂ ਹੋਵੇਗਾ ਅਤੇ ਸਿਰਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਜਲੰਧਰ ਵਿੱਚ ਆਮ ਜਨਜੀਵਨ ਰਹੇਗਾ ਸਧਾਰਨ

ਜਲੰਧਰ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ 27 ਜੁਲਾਈ ਨੂੰ ਹੀ ਬੰਦ ਦਾ ਸਮਰਥਨ ਕੀਤਾ ਜਾ ਚੁੱਕਾ ਹੈ। ਇਸ ਕਾਰਨ 30 ਜੁਲਾਈ ਨੂੰ ਸ਼ਹਿਰ ਵਿੱਚ ਬੰਦ ਨਹੀਂ ਰੱਖਿਆ ਜਾਵੇਗਾ, ਹਾਲਾਂਕਿ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।

ਬੰਦ ਦੌਰਾਨ ਕਿਹੜੀਆਂ ਸੇਵਾਵਾਂ ਰਹਿਣਗੀਆਂ ਜਾਰੀ?

ਅੰਮ੍ਰਿਤਸਰ ਵਿੱਚ ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰੀਆ ਅਤੇ ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਚੇਅਰਮੈਨ ਡਾ. ਜੈਮਲ ਸਿੰਘ ਨਡਾਲਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਸ਼ਾਂਤੀਪੂਰਨ ਢੰਗ ਨਾਲ ਬੰਦ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨੂੰ ਸੰਤ ਸਮਾਜ, ਸੰਤ ਮਲਕੀਤ ਨਾਥ ਜੀ ਅਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ।

ਉਨ੍ਹਾਂ ਨੇ ਦੁਕਾਨਦਾਰਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਇਨਸਾਫ਼ ਦੀ ਇਸ ਲੜਾਈ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਨਾਲ ਹੀ ਸਪੱਸ਼ਟ ਕੀਤਾ ਕਿ ਹਸਪਤਾਲ, ਐਂਬੂਲੈਂਸ ਸੇਵਾਵਾਂ ਅਤੇ ਮੈਡੀਕਲ ਸਟੋਰ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ ਤਾਂ ਜੋ ਲੋਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *