ਮੋਹਾਲੀ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਖ਼ਿਲਾਫ਼ FIR, ਕੁੱਟਮਾਰ ਅਤੇ ਪਿਸਤੌਲ ਨਾਲ ਧਮਕਾਉਣ ਦੇ ਇਲਜ਼ਾਮ

ਮੋਹਾਲੀ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਖ਼ਿਲਾਫ਼ FIR, ਕੁੱਟਮਾਰ ਅਤੇ ਪਿਸਤੌਲ ਨਾਲ ਧਮਕਾਉਣ ਦੇ ਇਲਜ਼ਾਮ

ਪੁਲਿਸ ਨੇ ਕਿਹਾ ਕਿ ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੋਹਾਲੀ

ਬਿਊਰੋ ਰਿਪੋਰਟ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮੋਹਾਲੀ ਦੇ ਥਾਣਾ ਮਟੌਰ ਵਿੱਚ ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਪਿਸਤੌਲ ਦਿਖਾ ਕੇ ਡਰਾਉਣ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 126(2), 351(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27-54-59 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਰਹਿਮਤ ਮਰਵਾਹਾ, ਜੋ ਚੰਡੀਗੜ੍ਹ ਦੇ ਸੈਕਟਰ-20ਏ ਦਾ ਵਸਨੀਕ ਅਤੇ ਇੱਕ ਮਿਊਜ਼ਿਕ ਕੰਪਨੀ ਨਾਲ ਜੁੜਿਆ ਹੋਇਆ ਹੈ, ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਪੰਜ ਤੋਂ ਛੇ ਮਹੀਨੇ ਪਹਿਲਾਂ ਉਸ ਨੇ ਦਿਲਪ੍ਰੀਤ ਢਿੱਲੋਂ ਦੀ ਟੀ-ਸੀਰੀਜ਼ ਨਾਲ ਇੱਕ ਗਾਣੇ ਦੀ ਡੀਲ ਕਰਵਾਉਣ ਲਈ ਵਿਚੋਲਗੀ ਕੀਤੀ ਸੀ, ਪਰ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ।

ਸ਼ਿਕਾਇਤ ਅਨੁਸਾਰ 22 ਜੁਲਾਈ ਦੀ ਰਾਤ ਕਰੀਬ 11:30 ਵਜੇ ਉਹ ਆਪਣੇ ਇੱਕ ਦੋਸਤ ਦੇ ਫਲੈਟ ਵਿੱਚ ਮੌਜੂਦ ਸੀ, ਜਿੱਥੇ ਦਿਲਪ੍ਰੀਤ ਢਿੱਲੋਂ ਵੀ ਪਹੁੰਚ ਗਿਆ। ਉੱਥੇ ਗਾਣੇ ਦੀ ਡੀਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਰਹਿਮਤ ਮਰਵਾਹਾ ਦਾ ਦੋਸ਼ ਹੈ ਕਿ ਦਿਲਪ੍ਰੀਤ ਢਿੱਲੋਂ ਨੇ ਉਸ ਨਾਲ ਹੱਥੋਪਾਈ ਕੀਤੀ, ਉਸ ਨੂੰ ਇੱਕ ਕਮਰੇ ਵਿੱਚ ਲੈ ਜਾ ਕੇ ਲੱਤਾਂ-ਮੁੱਕਿਆਂ ਨਾਲ ਕੁੱਟਿਆ ਅਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਅਤੇ ਉਸਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਬਾਅਦ ਵਿੱਚ ਉੱਥੋਂ ਚਲਾ ਗਿਆ।

ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਸ਼ਿਕਾਇਤਕਰਤਾ ਨੇ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼-6 ਵਿੱਚ ਇਲਾਜ ਕਰਵਾਇਆ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਸ ਨੇ ਥਾਣਾ ਮਟੌਰ ਪਹੁੰਚ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਸੌਂਪੀ।

ਪੁਲਿਸ ਨੇ ਕਿਹਾ ਕਿ ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਸਾਰੇ ਦੋਸ਼ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਵੇਗੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *