ਅਟਾਰੀ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਹਮਲਾ, ਦੋ ਮੁਲਜ਼ਮ ਕਾਬੂ
ਇਸ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਸਰੀਰਕ ਸੱਟ ਨਹੀਂ ਲੱਗੀ, ਪਰ ਇੱਕ ਸ਼ਰਧਾਲੂ ਦਾ ਮੋਬਾਈਲ ਫੋਨ ਨੁਕਸਾਨਿਆ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ
ਬਿਊਰੋ ਰਿਪੋਰਟ
ਅਟਾਰੀ-ਵਾਘਾ ਸਰਹੱਦ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਬੱਸ ‘ਤੇ ਦੋ ਨੌਜਵਾਨਾਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਸਰੀਰਕ ਸੱਟ ਨਹੀਂ ਲੱਗੀ, ਪਰ ਇੱਕ ਸ਼ਰਧਾਲੂ ਦਾ ਮੋਬਾਈਲ ਫੋਨ ਨੁਕਸਾਨਿਆ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਖ਼ਤਰਨਾਕ ਡਰਾਈਵਿੰਗ ਤੋਂ ਬਾਅਦ ਹੋਇਆ ਵਿਵਾਦ
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ 21 ਜੁਲਾਈ 2026 ਨੂੰ ਸਵੇਰੇ ਕਰੀਬ 4:30 ਵਜੇ ਗੱਡੀ ਨੰਬਰ UP-70-LT-0183 ਰਾਹੀਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਤੋਂ ਰਵਾਨਾ ਹੋਏ ਸਨ। ਕਰੀਬ 5:41 ਵਜੇ ਵਾਘਾ ਸਰਹੱਦ ਨੇੜੇ ਇੱਕ ਸਵਿਫਟ ਕਾਰ PB10-HH-4477 ਦੇ ਸਵਾਰਾਂ ਨੇ ਬੱਸ ਦੇ ਅੱਗੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਜਦੋਂ ਬੱਸ ਸਟਾਫ਼ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਵੇਂ ਨੌਜਵਾਨਾਂ ਨੇ ਕਾਰ ਬੱਸ ਅੱਗੇ ਲਾ ਕੇ ਰੋਕ ਦਿੱਤੀ ਅਤੇ ਗਾਲੀ-ਗਲੌਚ ਕਰਦਿਆਂ ਬੇਸਬਾਲ ਅਤੇ ਗੰਡਾਸੇ ਕੱਢ ਲਏ।
45 ਸ਼ਰਧਾਲੂ ਸਨ ਬੱਸ ਵਿੱਚ ਸਵਾਰ
ਸ਼ਿਕਾਇਤਕਰਤਾ ਦੇ ਅਨੁਸਾਰ ਹਮਲੇ ਦੌਰਾਨ ਮਨਜੀਤ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵਾਰ ਉਸ ਦੇ ਮੋਬਾਈਲ ‘ਤੇ ਲੱਗਣ ਕਾਰਨ ਮੋਬਾਈਲ ਟੁੱਟ ਗਿਆ। ਉਸ ਸਮੇਂ ਬੱਸ ਵਿੱਚ ਕਰੀਬ 45 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸੀ। ਇੱਕ ਦਿਵਿਆਂਗ ਸ਼ਰਧਾਲੂ ਨੂੰ ਧੱਕਾ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ BNS ਦੀਆਂ ਧਾਰਾਵਾਂ 281, 125A, 126(2), 351 ਅਤੇ 109 ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
