ਰਿਲੀਜ਼ ਤੋਂ ਪਹਿਲਾਂ ਫਸੀ ਪੰਜਾਬੀ ਫਿਲਮ ‘ਦਸਤਾਰ’! ਸਕ੍ਰੀਨਿੰਗ ਮਗਰੋਂ ਵੀ ਸੈਂਸਰ ਸਰਟੀਫਿਕੇਟ ਦੀ ਉਡੀਕ
17 ਜੁਲਾਈ ਨੂੰ ਰਿਲੀਜ਼ ਲਈ ਤੈਅ ਇਸ ਫਿਲਮ ਦੀ ਸਕ੍ਰੀਨਿੰਗ ਹੋਣ ਦੇ ਬਾਵਜੂਦ ਅਜੇ ਤੱਕ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਫਿਲਮ ‘ਸਤਲੁਜ’ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਹੁਣ ਇੱਕ ਹੋਰ ਪੰਜਾਬੀ ਫਿਲਮ ‘ਦਸਤਾਰ’ ਚਰਚਾ ਵਿੱਚ ਆ ਗਈ ਹੈ। 17 ਜੁਲਾਈ ਨੂੰ ਰਿਲੀਜ਼ ਲਈ ਤੈਅ ਇਸ ਫਿਲਮ ਦੀ ਸਕ੍ਰੀਨਿੰਗ ਹੋਣ ਦੇ ਬਾਵਜੂਦ ਅਜੇ ਤੱਕ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ।
8 ਜੁਲਾਈ ਨੂੰ ਹੋਈ ਸੀ ਸਕ੍ਰੀਨਿੰਗ
ਜਾਣਕਾਰੀ ਮੁਤਾਬਕ, ਫਿਲਮ ਦੀ 8 ਜੁਲਾਈ ਨੂੰ ਦਿੱਲੀ ਵਿੱਚ ਸੈਂਸਰ ਬੋਰਡ ਅੱਗੇ ਸਕ੍ਰੀਨਿੰਗ ਕੀਤੀ ਗਈ ਸੀ। ਆਮ ਤੌਰ ‘ਤੇ ਸਕ੍ਰੀਨਿੰਗ ਤੋਂ ਇੱਕ ਜਾਂ ਦੋ ਦਿਨਾਂ ਅੰਦਰ ਇਹ ਸਪੱਸ਼ਟ ਕਰ ਦਿੱਤਾ ਜਾਂਦਾ ਹੈ ਕਿ ਫਿਲਮ ਨੂੰ ਸਰਟੀਫਿਕੇਟ ਮਿਲੇਗਾ, ਕਿਸੇ ਤਰ੍ਹਾਂ ਦੀ ਕਟੌਤੀ ਹੋਵੇਗੀ ਜਾਂ ਹੋਰ ਕੋਈ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਬੋਰਡ ਦੀ ਵੈੱਬਸਾਈਟ ‘ਤੇ ਵੀ ਅਪਡੇਟ ਕਰ ਦਿੱਤੀ ਜਾਂਦੀ ਹੈ, ਪਰ ‘ਦਸਤਾਰ’ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਅਪਡੇਟ ਸਾਹਮਣੇ ਨਹੀਂ ਆਈ।
ਫਿਲਮ ਨਾਲ ਜੁੜੇ ਲੋਕਾਂ ਦੀ ਵਧੀ ਚਿੰਤਾ
ਫਿਲਮ ਨਾਲ ਜੁੜੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਿਲੀਜ਼ ਵਿੱਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ, ਪਰ ਨਾ ਤਾਂ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਬੋਰਡ ਵੱਲੋਂ ਕੋਈ ਸਪੱਸ਼ਟ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਕੋਈ ਅਧਿਕਾਰਤ ਅਪਡੇਟ ਨਹੀਂ ਮਿਲੀ।
ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਅਹਿਮ ਭੂਮਿਕਾਵਾਂ ਵਿੱਚ
ਫਿਲਮ ਵਿੱਚ ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਟ੍ਰੇਲਰ ਵਿੱਚ ਤਰਸੇਮ ਜੱਸੜ ਦਾ ਸੰਵਾਦ, “ਇਹ ਇੱਕ ਸਿੰਘ ਦਾ ਪੁੱਤ ਹੈ, ਦਸਤਾਰ ਸਜਾਵਾਂਗਾ ਵੀ ਤੇ ਦਸਤਾਰ ਲਈ ਲੜਾਂਗਾ ਵੀ,” ਦਰਸ਼ਕਾਂ ਦਾ ਧਿਆਨ ਖਿੱਚ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ, ਜਦਕਿ ਇਸ ਦੇ ਨਿਰਮਾਤਾ ਗੁੰਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਹਨ।
ਸਿੱਖੀ ਅਤੇ ਪੰਜਾਬੀ ਇਤਿਹਾਸ ‘ਤੇ ਬਣੀਆਂ ਫਿਲਮਾਂ ਨੂੰ ਲੈ ਕੇ ਮੁੜ ਚਰਚਾ
‘ਦਸਤਾਰ’ ਦੇ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਇਹ ਚਰਚਾ ਛਿੜ ਗਈ ਹੈ ਕਿ ਕੀ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨਾਲ ਸਬੰਧਤ ਫਿਲਮਾਂ ਨੂੰ ਵਧੇਰੇ ਦੇਰੀ ਅਤੇ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ‘ਚੜ੍ਹਦੀ ਕਲਾ’ ਅਤੇ ‘ਸਤਲੁਜ’ ਨੂੰ ਵੀ ਸੈਂਸਰ ਸਰਟੀਫਿਕੇਟ ਸਬੰਧੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ।
ਨਿਰਪੱਖ ਅਤੇ ਸਮੇਂ ਸਿਰ ਫੈਸਲੇ ਦੀ ਉਮੀਦ
ਫਿਲਮ ਉਦਯੋਗ ਅਤੇ ਪੰਜਾਬੀ ਦਰਸ਼ਕਾਂ ਦੀ ਉਮੀਦ ਹੈ ਕਿ ਹਰ ਫਿਲਮ ਨਾਲ ਇੱਕੋ ਜਿਹਾ, ਨਿਰਪੱਖ ਅਤੇ ਸਮੇਂ ਸਿਰ ਫੈਸਲਾ ਕੀਤਾ ਜਾਵੇ, ਤਾਂ ਜੋ ਪੰਜਾਬੀ ਇਤਿਹਾਸ, ਸਭਿਆਚਾਰ ਅਤੇ ਸਿੱਖੀ ਨਾਲ ਜੁੜੀਆਂ ਕਹਾਣੀਆਂ ਬਿਨਾਂ ਬੇਲੋੜੀ ਦੇਰੀ ਦੇ ਦਰਸ਼ਕਾਂ ਤੱਕ ਪਹੁੰਚ ਸਕਣ।
ਹਾਲਾਂਕਿ, ਸੈਂਸਰ ਬੋਰਡ ਵੱਲੋਂ ਅਜੇ ਤੱਕ ‘ਦਸਤਾਰ’ ਨੂੰ ਸਰਟੀਫਿਕੇਟ ਨਾ ਮਿਲਣ ਜਾਂ ਇਸ ਵਿੱਚ ਹੋਈ ਦੇਰੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
