ਸੁਖਬੀਰ ਬਾਦਲ ਲਈ ਵੱਧ ਸਕਦੀਆਂ ਨੇ ਕਾਨੂੰਨੀ ਮੁਸ਼ਕਲਾਂ, ਸਾਬਕਾ ਜਥੇਦਾਰ ਨੇ SIT ਕੋਲ ਦਰਜ ਕਰਵਾਏ ਬਿਆਨ

ਸੁਖਬੀਰ ਬਾਦਲ ਲਈ ਵੱਧ ਸਕਦੀਆਂ ਨੇ ਕਾਨੂੰਨੀ ਮੁਸ਼ਕਲਾਂ, ਸਾਬਕਾ ਜਥੇਦਾਰ ਨੇ SIT ਕੋਲ ਦਰਜ ਕਰਵਾਏ ਬਿਆਨ

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ।

ਚੰਡੀਗੜ੍ਹ

ਬਿਊਰੋ ਰਿਪੋਰਟ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਆਪਣਾ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ।

ਗਿਆਨੀ ਰਘਬੀਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਕਬੂਲਨਾਮੇ ਦੀ ਵੀਡੀਓ ਰਿਕਾਰਡਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸੁਰੱਖਿਅਤ ਮੌਜੂਦ ਹੈ। ਉਨ੍ਹਾਂ ਦੇ ਮੁਤਾਬਕ, ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਿਹੱਥੇ ਅਤੇ ਬੇਕਸੂਰ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ।

ਬਹਿਬਲ ਕਲਾਂ ਗੋਲੀਕਾਂਡ

ਅਕਤੂਬਰ 2015 ਵਿੱਚ ਫਰੀਦਕੋਟ ਦੇ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬਹਿਬਲ ਕਲਾਂ, ਕੋਟਕਪੂਰਾ ਅਤੇ ਹੋਰ ਥਾਵਾਂ ‘ਤੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸ ਗੋਲੀਬਾਰੀ ਦੌਰਾਨ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਜ਼ਖਮੀ ਹੋਏ ਸਨ।

ਉਸ ਸਮੇਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਵੀ ਉਨ੍ਹਾਂ ਕੋਲ ਹੀ ਸੀ। ਕਿਉਂਕਿ ਪੰਜਾਬ ਪੁਲਿਸ ਗ੍ਰਹਿ ਵਿਭਾਗ ਦੇ ਅਧੀਨ ਆਉਂਦੀ ਹੈ, ਇਸ ਲਈ ਵਿਰੋਧੀ ਪਾਰਟੀਆਂ, ਪੀੜਤ ਪਰਿਵਾਰਾਂ ਅਤੇ ਕੁਝ ਸਿੱਖ ਜਥੇਬੰਦੀਆਂ ਨੇ ਦੋਸ਼ ਲਗਾਏ ਕਿ ਇਸ ਗੋਲੀਬਾਰੀ ਲਈ ਤਤਕਾਲੀ ਸਰਕਾਰ ਅਤੇ ਇਸ ਦੀ ਲੀਡਰਸ਼ਿਪ ਜ਼ਿੰਮੇਵਾਰ ਸੀ। ਇਸੇ ਕਾਰਨ SIT ਵੱਲੋਂ ਕਈ ਵਾਰ ਸੁਖਬੀਰ ਬਾਦਲ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਨਾਲ ਸਬੰਧਤ ਕਾਨੂੰਨੀ ਕਾਰਵਾਈਆਂ ਅਜੇ ਵੀ ਅਦਾਲਤਾਂ ਵਿੱਚ ਜਾਰੀ ਹਨ। ਸਾਲ 2024 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਹੋਰ ਆਗੂਆਂ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਵਿਵਾਦਿਤ ਅਤੇ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਸਬੰਧੀ ਤਲਬ ਕੀਤਾ ਸੀ। ਇਸ ਮੌਕੇ ਸੁਖਬੀਰ ਬਾਦਲ ਪੇਸ਼ ਹੋਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਰਘਬੀਰ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *