ਚੀਮਾ ਦੀ ਦਾਣਾ ਮੰਡੀ ‘ਚ ਦਰਦਨਾਕ ਘਟਨਾ, 58 ਸਾਲਾ ਵਿਅਕਤੀ ਦੀ ਮੌਤ ਮਗਰੋਂ ਮਿਲਿਆ ਹੱਥ-ਲਿਖਤ ਪੱਤਰ

ਚੀਮਾ ਦੀ ਦਾਣਾ ਮੰਡੀ ‘ਚ ਦਰਦਨਾਕ ਘਟਨਾ, 58 ਸਾਲਾ ਵਿਅਕਤੀ ਦੀ ਮੌਤ ਮਗਰੋਂ ਮਿਲਿਆ ਹੱਥ-ਲਿਖਤ ਪੱਤਰ

ਮ੍ਰਿਤਕ ਦੀ ਪਛਾਣ ਚੀਮਾ ਮੰਡੀ ਦੇ ਰਹਿਣ ਵਾਲੇ ਨੈਬ ਸਿੰਘ ਵਜੋਂ ਹੋਈ ਹੈ, ਜੋ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਨੇੜੇ ਵਸਦੇ ਸਨ।

ਚੀਮਾ ਮੰਡੀ

ਬਿਊਰੋ ਰਿਪੋਰਟ

ਪੰਜਾਬ ਦੇ ਚੀਮਾ ਇਲਾਕੇ ਦੀ ਦਾਣਾ ਮੰਡੀ ਤੋਂ ਇੱਕ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪੀਟਰ ਰੇਹੜੇ ਵਿੱਚ ਅੱਗ ਲੱਗਣ ਕਾਰਨ 58 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੀਮਾ ਮੰਡੀ ਦੇ ਰਹਿਣ ਵਾਲੇ ਨੈਬ ਸਿੰਘ ਵਜੋਂ ਹੋਈ ਹੈ, ਜੋ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਨੇੜੇ ਵਸਦੇ ਸਨ।

ਧਾਰਮਿਕ ਸੇਵਾ ਨਾਲ ਜੁੜੇ ਹੋਏ ਸਨ ਨੈਬ ਸਿੰਘ

ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਧਾਰਮਿਕ ਵਿਚਾਰਾਂ ਵਾਲੇ ਇਨਸਾਨ ਸਨ ਅਤੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਕਾਮ ਸੇਵਾ ਕਰਦੇ ਰਹਿੰਦੇ ਸਨ। ਉਨ੍ਹਾਂ ਕੋਲ ਮੌਜੂਦ ਪੀਟਰ ਰੇਹੜਾ ਵੀ ਨਗਰ ਦੀ ਸੇਵਾ, ਲੰਗਰ ਅਤੇ ਹੋਰ ਧਾਰਮਿਕ ਕਾਰਜਾਂ ਲਈ ਵਰਤਿਆ ਜਾਂਦਾ ਸੀ। ਪੁਲਿਸ ਅਨੁਸਾਰ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਰੇਹੜੇ ਵਿੱਚ ਲੱਕੜਾਂ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ।

ਤੜਕੇ ਘਰੋਂ ਨਿਕਲੇ, ਕੁਝ ਦੇਰ ਬਾਅਦ ਮਿਲੀ ਅੱਗ ਲੱਗਣ ਦੀ ਸੂਚਨਾ

ਪੁਲਿਸ ਮੁਤਾਬਕ ਅੱਜ ਸਵੇਰੇ ਕਰੀਬ 4:15 ਵਜੇ ਨੈਬ ਸਿੰਘ ਸਾਈਕਲ ‘ਤੇ ਘਰੋਂ ਨਿਕਲੇ। ਉਨ੍ਹਾਂ ਨੇ ਚੀਮਾ ਬੱਸ ਸਟੈਂਡ ਨੇੜੇ ਸਥਿਤ ਨਿਹੰਗਾਂ ਦੀ ਛਾਉਣੀ ਕੋਲ ਸਾਈਕਲ ਖੜ੍ਹਾ ਕੀਤਾ ਅਤੇ ਉੱਥੋਂ ਪੀਟਰ ਰੇਹੜਾ ਲੈ ਕੇ ਅੱਗੇ ਚਲੇ ਗਏ। ਕਰੀਬ 4:30 ਤੋਂ 4:45 ਵਜੇ ਦੇ ਵਿਚਕਾਰ ਉਹ ਦਾਣਾ ਮੰਡੀ ਵਿੱਚ ਪਹੁੰਚੇ। ਸਵੇਰੇ ਲਗਭਗ 4:50 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੰਡੀ ਅੰਦਰ ਇੱਕ ਰੇਹੜਾ ਅੱਗ ਦੀ ਲਪੇਟ ਵਿੱਚ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਤਾਂ ਨੈਬ ਸਿੰਘ ਦੀ ਮੌਤ ਹੋ ਚੁੱਕੀ ਸੀ।

ਜਾਂਚ ਦੌਰਾਨ ਘਰ ਵਿੱਚੋਂ ਮਿਲਿਆ ਇੱਕ ਪੱਤਰ

ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਇੱਕ ਹੱਥ-ਲਿਖਤ ਪੱਤਰ ਵੀ ਬਰਾਮਦ ਹੋਇਆ ਹੈ। ਅਧਿਕਾਰੀਆਂ ਅਨੁਸਾਰ ਇਸ ਵਿੱਚ ਨੈਬ ਸਿੰਘ ਵੱਲੋਂ ਕੁਝ ਨਿੱਜੀ ਗੱਲਾਂ ਅਤੇ ਆਪਣੇ ਸੰਸਕਾਰ ਨਾਲ ਸਬੰਧਤ ਇੱਛਾ ਦਾ ਜ਼ਿਕਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਰਿਸ਼ਤੇਦਾਰ ਨਾਲ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਵੀ ਦਰਜ ਮਿਲਿਆ ਹੈ।

ਮ੍ਰਿਤਕ ਦੀ ਦੇਹ ਕਾਫ਼ੀ ਹੱਦ ਤੱਕ ਸੜ ਚੁੱਕੀ ਸੀ, ਜਿਸ ਤੋਂ ਬਾਅਦ ਸ਼ਨਾਖਤ ਉਪਰੰਤ ਉਸ ਨੂੰ ਪੋਸਟਮਾਰਟਮ ਅਤੇ ਡੀਐਨਏ ਜਾਂਚ ਲਈ ਸਿਵਲ ਹਸਪਤਾਲ ਸੁਨਾਮ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਬਾਰੇ ਪੜਤਾਲ ਜਾਰੀ ਹੈ।

ਪਰਿਵਾਰ ਨੇ ਕਿਸੇ ਵਿਵਾਦ ਜਾਂ ਪ੍ਰੇਸ਼ਾਨੀ ਤੋਂ ਕੀਤਾ ਇਨਕਾਰ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਚਾਰ-ਪੰਜ ਦਿਨਾਂ ਤੋਂ ਆਪਣੀ ਭੈਣ ਕੋਲ ਧਨੌਲਾ ਗਈ ਹੋਈ ਸੀ ਅਤੇ ਨੈਬ ਸਿੰਘ ਘਰ ਵਿੱਚ ਇਕੱਲੇ ਰਹਿ ਰਹੇ ਸਨ। ਉਨ੍ਹਾਂ ਮੁਤਾਬਕ ਪਰਿਵਾਰ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਜਾਂ ਮਾਨਸਿਕ ਤਣਾਅ ਨਹੀਂ ਸੀ। ਪਰਿਵਾਰ ਦਾ ਇਕਲੌਤਾ ਪੁੱਤਰ, ਜੋ ਪੁਣੇ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਹੈ, ਉਸ ਦੇ ਘਰ ਪਹੁੰਚਣ ਮਗਰੋਂ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *