ਹਾਏ ਮਹਿੰਗਾਈ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, 10 ਦਿਨਾਂ ’ਚ 7 ਰੁਪਏ ਤੋਂ ਵੱਧ ਦਾ ਝਟਕਾ
ਪਿਛਲੇ 10 ਦਿਨਾਂ ਦੌਰਾਨ ਇਹ ਚੌਥੀ ਵਾਰ ਹੈ ਜਦੋਂ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ, ਜਿਸ ਕਾਰਨ ਆਮ ਜਨਤਾ ਦੀ ਜੇਬ ’ਤੇ ਵੱਡਾ ਅਸਰ ਪੈ ਰਿਹਾ ਹੈ।

ਚੰਡੀਗੜ
ਬਿਊਰੋ ਰਿਪੋਰਟ
ਦੇਸ਼ ਵਿੱਚ ਮਹਿੰਗਾਈ ਨੇ ਆਮ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕੇਂਦਰ ਸਰਕਾਰ ਦੀਆਂ ਤੇਲ ਕੰਪਨੀਆਂ ਵੱਲੋਂ ਸੋਮਵਾਰ ਨੂੰ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਨਵੇਂ ਰੇਟਾਂ ਮੁਤਾਬਕ ਪੈਟਰੋਲ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪਿਛਲੇ 10 ਦਿਨਾਂ ਦੌਰਾਨ ਇਹ ਚੌਥੀ ਵਾਰ ਹੈ ਜਦੋਂ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ, ਜਿਸ ਕਾਰਨ ਆਮ ਜਨਤਾ ਦੀ ਜੇਬ ’ਤੇ ਵੱਡਾ ਅਸਰ ਪੈ ਰਿਹਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 102.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤੋਂ ਪਹਿਲਾਂ 23 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।
15 ਮਈ ਤੋਂ ਹੁਣ ਤੱਕ ਪੈਟਰੋਲ 7.35 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7.82 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਮਈ ਮਹੀਨੇ ਦੌਰਾਨ ਕਦੋਂ ਵਧੀਆਂ ਕੀਮਤਾਂ?
- 15 ਮਈ : ਪੈਟਰੋਲ ਅਤੇ ਡੀਜ਼ਲ ਲਗਭਗ 3 ਰੁਪਏ ਪ੍ਰਤੀ ਲੀਟਰ ਮਹਿੰਗੇ ਹੋਏ
- 19 ਮਈ : ਦੋਵਾਂ ਈਂਧਨਾਂ ਦੀ ਕੀਮਤ ਵਿੱਚ 90 ਪੈਸੇ ਪ੍ਰਤੀ ਲੀਟਰ ਦਾ ਵਾਧਾ
- 23 ਮਈ : ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ ਪ੍ਰਤੀ ਲੀਟਰ ਮਹਿੰਗਾ
- 25 ਮਈ : ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਵਧੇ
ਨਵੇਂ ਵਾਧੇ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 99.51 ਰੁਪਏ ਤੋਂ ਵੱਧ ਕੇ 102.12 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 92.49 ਰੁਪਏ ਤੋਂ 95.20 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 101.51 ਰੁਪਏ ਅਤੇ ਡੀਜ਼ਲ 89.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਹੋਰ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ
- ਕੋਲਕਾਤਾ : 113.51 ਰੁਪਏ
- ਮੁੰਬਈ : 111.21 ਰੁਪਏ
- ਚੇਨਈ : 107.77 ਰੁਪਏ
ਡੀਜ਼ਲ ਦੀਆਂ ਨਵੀਆਂ ਕੀਮਤਾਂ
- ਕੋਲਕਾਤਾ : 99.82 ਰੁਪਏ
- ਮੁੰਬਈ : 97.83 ਰੁਪਏ
- ਚੇਨਈ : 99.55 ਰੁਪਏ
ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ ਆਯਾਤ ਲਾਗਤ ਵਿੱਚ ਵਾਧਾ ਹੋਇਆ ਹੈ। ਇਸੇ ਕਾਰਨ ਕੰਪਨੀਆਂ ਵੱਲੋਂ ਲਗਾਤਾਰ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ ਕੱਚੇ ਤੇਲ ਦੀ ਕੀਮਤ ਲੰਮੇ ਸਮੇਂ ਤੋਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀ ਹੋਈ ਹੈ। ਇਸਦੇ ਨਾਲ ਹੀ ਰੁਪਏ ਦੀ ਕੀਮਤ ਵਿੱਚ ਵੀ ਰਿਕਾਰਡ ਗਿਰਾਵਟ ਆਈ ਹੈ, ਜਿਸ ਕਾਰਨ ਤੇਲ ਕੰਪਨੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕੰਪਨੀਆਂ ਹੁਣ ਇਹ ਨੁਕਸਾਨ ਪੂਰਾ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
