1 ਮਈ ਤੋਂ ਮਹਿੰਗਾਈ ਦੀ ਚੋਟ: ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡਾ ਵਾਧਾ
19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਤਗੜਾ ਵਾਧਾ ਕੀਤਾ ਗਿਆ ਹੈ, ਜਿਸਦਾ ਸਿੱਧਾ ਪ੍ਰਭਾਵ ਹੋਟਲਾਂ, ਰੈਸਟੋਰੈਂਟਾਂ ਅਤੇ ਛੋਟੇ ਕਾਰੋਬਾਰਾਂ ਦੇ ਖਰਚਿਆਂ ‘ਤੇ ਪਵੇਗਾ। ਇਸ ਸਿਲੰਡਰ ਦੀ ਕੀਮਤ ਵਿੱਚ ਕਰੀਬ 993 ਰੁਪਏ ਦਾ ਇਜਾਫਾ ਕੀਤਾ ਗਿਆ ਹੈ।

ਦਿੱਲੀ
ਬਿਊਰੋ ਰਿਪੋਰਟ
ਬੰਗਾਲ ਸਮੇਤ ਪੰਜ ਸੂਬਿਆਂ ਦੇ ਚੋਣ ਨਤੀਜੇ 4 ਮਈ ਨੂੰ ਆਉਣੇ ਹਨ, ਪਰ ਇਸ ਤੋਂ ਪਹਿਲਾਂ ਹੀ ਆਮ ਲੋਕਾਂ, ਖਾਸ ਕਰਕੇ ਵਪਾਰੀਆਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਿਆ ਹੈ। 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਤਗੜਾ ਵਾਧਾ ਕੀਤਾ ਗਿਆ ਹੈ, ਜਿਸਦਾ ਸਿੱਧਾ ਪ੍ਰਭਾਵ ਹੋਟਲਾਂ, ਰੈਸਟੋਰੈਂਟਾਂ ਅਤੇ ਛੋਟੇ ਕਾਰੋਬਾਰਾਂ ਦੇ ਖਰਚਿਆਂ ‘ਤੇ ਪਵੇਗਾ। ਇਸ ਸਿਲੰਡਰ ਦੀ ਕੀਮਤ ਵਿੱਚ ਕਰੀਬ 993 ਰੁਪਏ ਦਾ ਇਜਾਫਾ ਕੀਤਾ ਗਿਆ ਹੈ।
ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਨਵੀਂ ਕੀਮਤ 3071.50 ਰੁਪਏ ਹੋ ਗਈ ਹੈ, ਜੋ ਪਹਿਲਾਂ ਨਾਲੋਂ ਕਾਫੀ ਵੱਧ ਹੈ। ਵਧੇ ਹੋਏ ਖਰਚਿਆਂ ਕਾਰਨ ਮਾਰਕੀਟ ‘ਤੇ ਵੀ ਇਸਦਾ ਅਸਰ ਪੈ ਸਕਦਾ ਹੈ ਅਤੇ ਪਹਿਲਾਂ ਹੀ ਮਹਿੰਗਾਈ ਨਾਲ ਪਰੇਸ਼ਾਨ ਲੋਕਾਂ ਲਈ ਇਹ ਸਥਿਤੀ ਹੋਰ ਮੁਸ਼ਕਲ ਬਣ ਸਕਦੀ ਹੈ।
ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। 14.2 ਕਿਲੋਗ੍ਰਾਮ ਵਾਲਾ ਘਰੇਲੂ ਸਿਲੰਡਰ ਦਿੱਲੀ ਵਿੱਚ ਅਜੇ ਵੀ 913 ਰੁਪਏ ‘ਤੇ ਹੀ ਮਿਲ ਰਿਹਾ ਹੈ, ਜਿਸ ਨਾਲ ਮੱਧ ਵਰਗ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਰਸੋਈ ਖਰਚਿਆਂ ਵਿੱਚ ਕੋਈ ਵਾਧਾ ਨਹੀਂ ਹੋਇਆ।
ਦੇਸ਼ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿੱਚ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਦਰਾਂ ਵੀ ਵਧ ਗਈਆਂ ਹਨ। ਦਿੱਲੀ ਵਿੱਚ ਇਹ 993 ਰੁਪਏ ਵਧ ਕੇ 3,071.50 ਰੁਪਏ ਹੋ ਗਿਆ ਹੈ। ਕੋਲਕਾਤਾ ਵਿੱਚ 994 ਰੁਪਏ ਦੇ ਵਾਧੇ ਨਾਲ ਕੀਮਤ 3,202 ਰੁਪਏ ਹੋ ਗਈ ਹੈ, ਜੋ ਪਹਿਲਾਂ 2,208 ਰੁਪਏ ਸੀ। ਮੁੰਬਈ ਵਿੱਚ ਇਹ 993 ਰੁਪਏ ਵਧ ਕੇ 3,024 ਰੁਪਏ ਹੋ ਗਿਆ ਹੈ, ਜਦਕਿ ਪਹਿਲਾਂ ਇਹ 2,031 ਰੁਪਏ ਸੀ। ਚੇਨਈ ਵਿੱਚ ਵੀ ਕੀਮਤ ਵਧ ਕੇ 3,237 ਰੁਪਏ ਤੱਕ ਪਹੁੰਚ ਗਈ ਹੈ, ਜੋ ਪਹਿਲਾਂ 2,246.50 ਰੁਪਏ ਸੀ।
ਮਾਹਿਰਾਂ ਦੇ ਮੁਤਾਬਕ ਕਮਰਸ਼ੀਅਲ ਗੈਸ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਖਾਣ-ਪੀਣ ਦੇ ਕਾਰੋਬਾਰ ‘ਤੇ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਵੱਲੋਂ ਆਪਣੇ ਮੇਨੂ ਦੀਆਂ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਹੋਰ ਵਾਧੂ ਬੋਝ ਪੈ ਸਕਦਾ ਹੈ।
