ਪੰਜਾਬ ‘ਚ ਅੱਜ ਤੂਫ਼ਾਨੀ ਮੌਸਮ ਦਾ ਖਤਰਾ, ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੇ ਆਸਾਰ
ਅੱਜ ਦਿਨ ਭਰ ਤੇਜ਼ ਹਵਾਵਾਂ, ਗਰਜ-ਚਮਕ ਨਾਲ ਬਦਲ ਛਾਏ ਰਹਿਣਗੇ ਅਤੇ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਯੈਲੋ ਅਤੇ ਆਰੇਂਜ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਵਿੱਚ ਅੱਜ ਮੌਸਮ ਨੇ ਰੁੱਖ ਬਦਲਣਾ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਇਲਾਕਿਆਂ ਲਈ ਹਨੇਰੀ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੱਜ ਦਿਨ ਭਰ ਤੇਜ਼ ਹਵਾਵਾਂ, ਗਰਜ-ਚਮਕ ਨਾਲ ਬਦਲ ਛਾਏ ਰਹਿਣਗੇ ਅਤੇ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਯੈਲੋ ਅਤੇ ਆਰੇਂਜ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਆਰੇਂਜ ਅਲਰਟ ਵਾਲੇ ਇਲਾਕੇ
ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਮੌਸਮ ਜ਼ਿਆਦਾ ਖਰਾਬ ਰਹਿਣ ਦੀ ਸੰਭਾਵਨਾ ਹੈ। ਇੱਥੇ ਬਦਲਾਂ ਦੀ ਗਰਜ, ਬਿਜਲੀ ਦੀ ਚਮਕ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ।
ਯੈਲੋ ਅਲਰਟ ਵਾਲੇ ਜ਼ਿਲ੍ਹੇ
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਵੀ ਮੌਸਮ ਬਦਲਿਆ ਰਹੇਗਾ। ਇਨ੍ਹਾਂ ਇਲਾਕਿਆਂ ‘ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾ ਨਾਲ ਗਰਜ-ਚਮਕ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਅਗਲੇ ਦਿਨਾਂ ਦਾ ਮੌਸਮ ਅਨੁਮਾਨ
29 ਅਪ੍ਰੈਲ ਨੂੰ ਸੂਬੇ ਦੇ ਕਰੀਬ 14 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। 30 ਅਪ੍ਰੈਲ ਨੂੰ ਵੀ ਲਗਭਗ 12 ਜ਼ਿਲ੍ਹਿਆਂ ਵਿੱਚ ਇਹੀ ਹਾਲਾਤ ਰਹਿਣਗੇ। ਹਾਲਾਂਕਿ 1 ਮਈ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਹੋਣ ਦੀ ਉਮੀਦ ਹੈ, ਪਰ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਤਾਪਮਾਨ ਦਾ ਹਾਲ
ਬੀਤੇ ਦਿਨਾਂ ਵਿੱਚ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਆਇਆ, ਪਰ ਇਹ ਆਮ ਨਾਲੋਂ ਲਗਭਗ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਰਹੀ, ਜਿੱਥੇ ਪਾਰਾ 43 ਡਿਗਰੀ ਤੱਕ ਪਹੁੰਚ ਗਿਆ। ਚੰਡੀਗੜ੍ਹ ਵਿੱਚ ਵੱਧੋ-ਵੱਧ ਤਾਪਮਾਨ 40.2 ਡਿਗਰੀ ਅਤੇ ਏਅਰਪੋਰਟ ‘ਤੇ 39.2 ਡਿਗਰੀ ਦਰਜ ਹੋਇਆ।
ਅੰਮ੍ਰਿਤਸਰ ‘ਚ 40.0 ਡਿਗਰੀ, ਲੁਧਿਆਣਾ ‘ਚ 41.0 ਡਿਗਰੀ, ਪਟਿਆਲਾ ‘ਚ 42.1 ਡਿਗਰੀ, ਫਰੀਦਕੋਟ ‘ਚ 41.0 ਡਿਗਰੀ, ਗੁਰਦਾਸਪੁਰ ‘ਚ 40.5 ਡਿਗਰੀ, ਬੱਲੋਵਾਲ ਸੌਂਖੜੀ ‘ਚ 39.6 ਡਿਗਰੀ, ਫਾਜ਼ਿਲਕਾ ‘ਚ 40.8 ਡਿਗਰੀ, ਫਿਰੋਜ਼ਪੁਰ ‘ਚ 40.0 ਡਿਗਰੀ, ਹੁਸ਼ਿਆਰਪੁਰ ‘ਚ 38.6 ਡਿਗਰੀ, ਮੁਹਾਲੀ ‘ਚ 39.1 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 38.5 ਡਿਗਰੀ, ਰੋਪੜ ‘ਚ 38.7 ਡਿਗਰੀ ਅਤੇ ਭਾਖੜਾ ਡੈਮ ‘ਚ 41.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
