ਸੁਖਜਿੰਦਰ ਸਹੋਤਾ/ਨਿਸ਼ਾਨ ਸਿੰਘ
ਚੰਡੀਗੜ੍ਹ/ਤਰਨਤਾਰਨ, 18 ਫਰਵਰੀ 2026:
ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ‘ਤੇ ਜਾਂਚ ਦਾ ਜਾਇਜਾ ਲਿਆ, ਜਿਸ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੱਡੀ ਕਾਰਵਾਈ ਕੀਤੀ ਹੈ। ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਨੇਹਦੀਪ ਸ਼ਰਮਾ ਅਤੇ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਕਿ ਉਹ ਖੁਦ ਇਸ ਜਾਂਚ ਤੇ ਨਜ਼ਰ ਰੱਖਣ ਅਤੇ ਜਲਦੀ ਤੋਂ ਜਲਦੀ ਕਾਤਲਾਂ ਨੂੰ ਫੜਨ।
ਘਟਨਾ ਦੇ ਵੇਰਵੇ ਅਨੁਸਾਰ, ਥੱਠੀਆਂ ਮਹਾਂਤਾ ਪਿੰਡ ਦੇ 40 ਸਾਲਾ ਸਰਪੰਚ ਹਰਬਰਿੰਦਰ ਸਿੰਘ ਸ਼ੇਰੋਂ ਪਿੰਡ ਦੇ ਸਿੱਧੂ ਫਾਰਮ ਵਿਖੇ ਵਿਆਹ ਸਮਾਗਮ ਵਿੱਚ ਹਾਜ਼ਰ ਸਨ, ਜਿੱਥੇ ਦੋ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਮਾਰ ਦਿੱਤੀਆਂ। ਹਸਪਤਾਲ ਜਾਂਦੇ ਹੀ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਨੇੜੇ ਖੜ੍ਹੇ ਰਿਸ਼ਤੇਦਾਰ ਜਰਮਾਨਦੀਪ ਸਿੰਘ ਨੂੰ ਗੋਲੀ ਲੱਗੀ ਜੋ ਜ਼ਖ਼ਮੀ ਹਾਲਤ ਵਿੱਚ ਇਲਾਜ ਅਧੀਨ ਹੈ।
ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਡੀਐਸਪੀ ਪੱਟੀ ਜਗਬੀਰ ਸਿੰਘ ਅਤੇ ਐਸਐਚਓ ਸਰਹਾਲੀ ਗੁਰਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਬਣਦੀ ਸੁਰੱਖਿਆ ਤੈਨਾਤ ਨਹੀਂ ਕੀਤੀ ਸੀ। ਡੀਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਪੱਕਾ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਐਸਐਸਪੀ ਲਾਂਬਾ ਅਨੁਸਾਰ, ਜਾਂਚ ਵਿੱਚ ਅਜੇ ਤੱਕ ਧਮਕੀ ਜਾਂ ਵਸੂਲੀ ਦਾ ਕੋਈ ਐਂਗਲ ਨਹੀਂ ਨਿਕਲਿਆ, ਪਰ ਪੁਰਾਣੀ ਦੁਸ਼ਮਣੀ ਜਾ ਬਦਲੇ ਦੀ ਸੰਭਾਵਨਾ ਹੈ। ਟੈਕਨੀਕਲ ਤਰੀਕੇ ਨਾਲ ਜਾਂਚ ਜਾਰੀ ਹੈ—ਚਾਰ ਵੱਖ-ਵੱਖ ਟੀਮਾਂ ਸੀਸੀਟੀਵੀ ਫੁੱਟੇਜ ਚੈੱਕ ਕਰ ਰਹੀਆਂ ਹਨ ਅਤੇ ਐਫਐਸਐਲ ਟੀਮ ਨਾਲ ਮੌਕਾ-ਇਨ-ਸਾਈਟ ਵਾਲੀ ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਤਲਾਂ ਨੂੰ ਸਖਤ ਸਜ਼ਾ ਦਿਲਾਈ ਜਾਵੇਗੀ।
