ਗੌਰਵ ਬਾਸੀ
ਜਲੰਧਰ 21 ਦਸੰਬਰ 2025:
ਪਟਿਆਲਾ ਸੈਂਟਰਲ ਜੇਲ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੁਆਰਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਭੇਜੀ ਚਿੱਠੀ ਮਗਰੋਂ ਹੁਣ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਰਾਜੋਆਣਾ ਨੇ 15 ਮਈ 2025 ਨੂੰ ਲਿਖੀ ਚਿੱਠੀ ਵਿੱਚ ਜਥੇਦਾਰ ਸਾਹਿਬ ਵੱਲੋਂ ਕਾਂਗਰਸ ਸੰਸਦ ਮੈਂਬਰਾਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਬਾਰੇ ਭੇਜੀ ਗਈ ਚਿੱਠੀ ’ਤੇ ਐਤਰਾਜ਼ ਜਤਾਇਆ ਸੀ।

ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਸ਼ਹੀਦੀ ਦਿਵਸ ਨੂੰ “ਸਾਹਿਬਜ਼ਾਦੇ ਸ਼ਹੀਦੀ ਦਿਵਸ” ਦੇ ਨਾਂ ਨਾਲ ਸੱਦਣ ਦੀ ਪਹੁੰਚ ਸਭ ਵੱਲੋਂ ਹੋਣੀ ਚਾਹੀਦੀ ਹੈ, ਪਰ ਕਿਸੇ ਖਾਸ ਪਾਰਟੀ ਨੂੰ ਚਿੱਠੀ ਭੇਜਣ ਨਾਲ ਸਿੱਖ ਭਾਈਚਾਰੇ ਵਿੱਚ ਚਰਚਾ ਤੇ ਸੋਚ-ਵਿਚਾਰ ਦੀ ਲਹਿਰ ਚਲ ਪਈ ਹੈ।ਇਸ ਮਾਮਲੇ ‘ਤੇ ਆਪਣਾ ਮਤ ਪ੍ਰਗਟਾਉਂਦੇ ਹੋਏ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਜੇ ਪੰਜਾਬ ਜਾਂ ਸਿੱਖ ਇਤਿਹਾਸ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਹਰ ਇਨਸਾਨ, ਹਰ ਸੰਸਦ ਮੈਂਬਰ ਦਾ ਫਰਜ ਹੈ ਕਿ ਇਸ ਗੱਲ ‘ਤੇ ਆਪਣੀ ਆਵਾਜ਼ ਉਠਾਏ।

ਉਨ੍ਹਾਂ ਕਿਹਾ ਕਿ 7 ਤੇ 9 ਸਾਲ ਦੀ ਉਮਰ ਵਿੱਚ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹੀਦੀ ਦੁਨਿਆ ਲਈ ਅਦੁੱਤੀ ਮਿਸਾਲ ਹੈ ਅਤੇ ਇਹ ਇਨਸਾਨੀਅਤ ਲਈ ਸਭ ਤੋਂ ਵੱਡੀ ਕੁਰਬਾਨੀ ਹੈ।ਪ੍ਰਗਟ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਜਾਂ ਕਿਸੇ ਖਾਸ ਤੱਬਕੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਸਹੀ ਸ਼ਬਦਾਂ ਵਿੱਚ ਸੱਚੀ ਰੂਹ ਨਾਲ ਇਹ ਸੰਦੇਸ਼ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਲ ਇਨਸਾਨੀਅਤ ਲਈ ਨਿਓਛਾਵਰ ਕਰ ਦਿੱਤਾ ਸੀ — ਇਸ ਲਈ ਇਹ ਸ਼ਹੀਦੀ ਕਿਸੇ ਇੱਕ ਧਰਮ ਦੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੈ।
ਅੱਗੇ ਪ੍ਰਗਟ ਸਿੰਘ ਨੇ ਰਾਹੁਲ ਗਾਂਧੀ ਦੇ ਬਾਰੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ 1984 ਦੇ ਦੌਰਾਨ ਹੋਈਆਂ ਗਲਤੀਆਂ ਲਈ ਮਾਫ਼ੀ ਮੰਗ ਚੁੱਕੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਕਈ ਮੌਕਿਆਂ ‘ਤੇ ਉਹ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਹਨ ਕਿ ਉਹਨਾਂ ਦੀ ਪਾਰਟੀ ਤੋਂ ਗਲਤੀਆਂ ਹੋਈਆਂ ਸਨ, ਜਿਨ੍ਹਾਂ ਲਈ ਉਹ ਖੇਦ ਪ੍ਰਗਟ ਕਰਦੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਇਹ ਘਟਨਾ ਇੱਕ ਬਹੁਤ ਵੱਡਾ ਅਧਿਆਇ ਸੀ, ਪਰ ਇਸ ਦੇ ਨਾਲ ਹੀ ਸਾਨੂੰ ਕਿਸੇ ਧਰਮ, ਪਾਰਟੀ ਜਾਂ ਕੌਮ ਨੂੰ ਛੋਟਾ ਨਹੀਂ ਦਿਖਾਉਣਾ ਚਾਹੀਦਾ।ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਅਜਿਹੀ ਮਿਸਾਲ ਨਹੀਂ ਮਿਲਦੀ ਜਿਹੋ ਜਿਹੀ ਸਿੱਖ ਧਰਮ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਰਾਹੀਂ ਦਿੱਤੀ ਹੈ।
