ਲਲਿਤ ਕੁਮਾਰ
ਅੰਮ੍ਰਿਤਸਰ, 01 ਦਸੰਬਰ 2025:
ਕਾਂਗਰਸ ਨੇਤਾ ਅਤੇ ਸਾਬਕਾ ਹੋਮ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਰਾਜ ਦੀ ਕਾਨੂੰਨ-ਵਵਸਥਾ ’ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਤੇ ਮੁੱਖ ਮੰਤਰੀ ਨੂੰ ਕਿਸੇ ਦੀ ਪਰਵਾਹ ਨਹੀਂ।ਰੰਧਾਵਾ ਨੇ ਦਾਅਵਾ ਕੀਤਾ ਕਿ ਗੈਂਗਸਟਰ ਖੁੱਲ੍ਹੇਆਮ ਗੋਲੀਆਂ ਚਲਾ ਰਹੇ ਹਨ ਪਰ ਪੁਲਿਸ ਤੇ ਸਰਕਾਰ ਚੁੱਪ ਹੈ।
ਉਨ੍ਹਾਂ ਕਿਹਾ ਕਿ “ਗੈਂਗਸਟਰਾਂ ਤੇ ਵਿਦੇਸ਼ੀ ਖਾਲਿਸਤਾਨੀ ਤੱਤਾਂ ਵਿੱਚ ਮਿਲੀਭੁਗਤ ਦੇ ਪੱਕੇ ਸਬੂਤ” ਉਨ੍ਹਾਂ ਕੋਲ ਮੌਜੂਦ ਹਨ। ਸਾਬਕਾ ਮੰਤਰੀ ਨੇ ਇਲਜ਼ਾਮ ਲਾਇਆ ਕਿ ਰਾਜ ਦੀ ਪੁਲਿਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਗੈਂਗਸਟਰਾਂ ਨਾਲ ਸਾਂਝ ਰੱਖਦੇ ਹਨ ਅਤੇ FIR ਤੱਕ ਨਹੀਂ ਲਿਖੀ ਜਾਂਦੀ।ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਸਪੀਕਰ ਅਤੇ ਹੋਮ ਡਿਪਾਰਟਮੈਂਟ ਨੂੰ ਚਿੱਠੀਆਂ ਲਿਖ ਕੇ ਪੰਜਾਬ ਦੀ ਖਰਾਬ ਹੋ ਰਹੀ ਸਥਿਤੀ ਵੱਲ ਧਿਆਨ ਦਿਵਾਇਆ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਡੀਜੀਪੀ ਨੇ ਉਨ੍ਹਾਂ ਦੇ ਮੈਸੇਜਾਂ ਦਾ ਜਵਾਬ ਤੱਕ ਨਹੀਂ ਦਿੱਤਾ ਅਤੇ ਉਨ੍ਹਾਂ ਕੋਲ ਮੁੱਖ ਮੰਤਰੀ ਦਾ ਨੰਬਰ ਵੀ ਨਹੀਂ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਗੈਂਗਸਟਰ ਕਾਂਗਰਸ ਦੇ ਪਾਲੇ ਹਨ, ਪਰ ਅਸਲ ਵਿੱਚ “ਇਹ ਗੈਂਗਸਟਰ ਆਪ ਸਰਕਾਰ ਦੇ ਪਾਲੇ ਹੋਏ” ਹਨ। ਉਨ੍ਹਾਂ ਕਈ ਗੈਂਗਸਟਰਾਂ ਦੇ ਨਾਮ ਗਿਣਾਏ, ਜਿਨ੍ਹਾਂ ਨੂੰ ਉਨ੍ਹਾਂ ਮੁਤਾਬਕ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੋੜਿਆ ਗਿਆ ਹੈ। ਰੰਧਾਵਾ ਦਾ ਕਹਿਣਾ ਸੀ ਕਿ ਇਹ ਸਾਰੇ ਬਟਾਲਾ ਖੇਤਰ ’ਚ ਗਤੀਵਿਧੀ ਕਰ ਰਹੇ ਹਨ।
ਕਾਂਗਰਸ ਨੇਤਾ ਨੇ ਕਿਹਾ ਕਿ ਕੰਚਨਪ੍ਰੀਤ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਸੀ। “SSP ਅਤੇ DSP ਨੂੰ ਸਸਪੈਂਡ ਕਰ ਦਿੱਤਾ ਗਿਆ, ਪਰ ਨਾ ਕੋਈ ਜਾਂਚ ਸਪੱਸ਼ਟ ਹੈ ਤੇ ਨਾ CM ਦਾ ਕੋਈ ਬਿਆਨ,” ਉਨ੍ਹਾਂ ਕਿਹਾ।ਰੰਧਾਵਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਤਰੰਤਾਰਨ ਤੇ ਜਲੰਧਰ ਦੀਆਂ ਚੋਣਾਂ ਦੌਰਾਨ ਗੈਂਗਸਟਰਾਂ ਤੋਂ ਸਰਕਾਰ ਨੇ ਸਹਾਇਤਾ ਲਈ। ਉਨ੍ਹਾਂ ਕਿਹਾ ਕਿ “ਜਦੋਂ ਹੈੱਡ ਆਫ਼ ਸਟੇਟ ਹੀ ਕਮਜ਼ੋਰ ਹੋਵੇ ਤਾਂ ਨੇਕਸਸ ਕਦੇ ਨਹੀਂ ਟੁੱਟ ਸਕਦਾ।”
ਉਨ੍ਹਾਂ ਅਪੀਲ ਕੀਤੀ ਕਿ “ਪੰਜਾਬ ਨੂੰ ਬਚਾਉਣ ਲਈ ਸਾਰੇ ਪਾਰਟੀਆਂ ਤੇ ਲੋਕਤੰਤਰਿਕ ਤਾਕਤਾਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ।”
