ਸ਼ਹਿਰ ਅੰਦਰ ਪ੍ਰਮੁੱਖ ਸੜਕਾਂ ਦਾ ਬੁਰਾ ਹਾਲ, ਕਾਨੂੰਨ ਵਿਵਸਥਾ ਰੱਬ ਆਸਰੇ ਲੀਡਰ ਖਾਮੋਸ਼,
ਸੁਖਜਿੰਦਰ ਸਹੋਤਾ,
ਫਰੀਦਕੋਟ 21 ਨਵੰਬਰ 2025:
ਵੈਸੇ ਤਾਂ ਫਰੀਦਕੋਟ ਜਿਲ੍ਹੇ ਅੰਦਰ ਹੀ ਇਸ ਵਕਤ ਵਿਰੋਧੀ ਧਿਰ ਪੂਰੀ ਤਰਾਂ ਨਿੱਸਲ ਹੋ ਗਈ ਜਾਪਦੀ ਹੈ ਤਾਂ ਹੀ ਤਾਂ ਜਿਲ੍ਹੇ ਦੇ ਲੋਕਾਂ ਨੂੰ ਵਿਕਾਸ ਕਾਰਜਾਂ ਸੰਬੰਧੀ ਆ ਰਹੀਆਂ ਸਮੱਸਿਆਵਾਂ ਤੇ ਕਦੇ ਵੀ ਕਿਸੇ ਵਿਰੋਧੀ ਆਗੂ ਦੇ ਮੂੰਹੋਂ ਕਦੀ ਕੋਈ ਬੋਲ ਸੁਨਣ ਨੂੰ ਨਹੀਂ ਮਿਲਿਆ। ਬੇਸ਼ੱਕ ਸਿਆਸੀ ਤੌਰ ਤੇ ਬਿਆਨਬਾਜੀ ਜਰੂਰ ਹੁੰਦੀ ਰਹਿੰਦੀ ਹੈ ਪਰ ਵਿਕਾਸ ਕਾਰਜਾਂ ਅਤੇ ਕਾਨੂੰਨ ਵਿਸਸਥਾ ਨੂੰ ਲੈ ਕੇ ਸਭ ਚੁੱਪ ਨਜਰ ਆ ਰਹੇ ਹਨ। ਇਸ ਤਰਾਂ ਲਗਦਾ ਜਿਵੇਂ ਵਿਰੋਧੀ ਧਿਰਾਂ ਨੇ ਸੱਤਾਧਾਰੀ ਪਾਰਟੀ ਨਾਲ ਕੋਈ ਗੁਪਤ ਸਮਝੌਤਾ ਕਰ ਲਿਆ ਹੋਵੇ।
ਸਾਦਿਕ ਰੋਡ ਤੇ ਮੈਡੀਕਲ ਹਸਪਤਾਲ ਦੇ ਸਾਹਮਣੇ ਕਈ ਮਹੀਨਿਆਂ ਤੋਂ ਸੜਕ ਤੇ ਬਣਿਆ ਖੱਡਾ

ਜੇਕਰ ਗੱਲ ਕਰੀਏ ਫਰੀਦਕੋਟ ਸਹਿਰ ਦੇ ਮਸਲਿਆ ਦੀ ਤਾਂ ਸਭ ਤੋਂ ਪਹਿਲਾ ਮਸਲਾ ਇਥੋਂ ਦੀ ਸਾਦਿਕ ਰੋਡ ਜਿਸ ਨੂੰ ਹੁਣ ਲੋਕ ਸੁਰੰਗਾਂ ਵਾਲੀ ਸੜਕ ਵੀ ਕਹਿਣ ਲੱਗੇ ਹਨ ਦਾ ਹੈ। ਇਹ ਸੜਕ 2022 ਵਿਚ ਸੀਵਰੇਜ ਪੈਣ ਤੋਂ ਬਾਅਦ ਨਵੀਂ ਬਣੀ ਸੀ।ਸਾਦਿਕ ਚੌਂਕ ਤੋਂ ਲੈ ਕੇ ਬਾਬਾ ਫਰੀਦ ਯੂਨੀਵਰਸਟੀ ਤੱਕ ਇਹ ਸੜਕ ਲਗਭਗ ਦੋ ਕਿਲੋਮੀਟਰ ਲੰਬੀ ਹੈ, ਪਰ ਇਨੇ ਹਿੱਸੇ ਵਿਚ ਇਹ ਸੜਕ ਪਿਛਲੇ ਕਰੀਬ 3 ਸਾਲਾਂ ਤੋਂ 10 ਤੋਂ ਵੱਧ ਥਾਂਵਾਂ ਤੋਂ ਅੰਦਰ ਧਸ ਚੁੱਕੀ ਹੈ।ਕਈ ਵਾਰ ਵਿਭਾਗੀ ਅਧਿਕਾਰੀਆਂ ਵੱਲੋਂ ਮਲਬਾ ਪਾ ਕੇ ਜਾਂ ਹੋਰ ਉਹੜ-ਪੋਹੜ ਕਰ ਕੇ ਇਸ ਸੜਕ ਦੀ ਮੁਰੰਮਤ ਕਰਨ ਦੀ ਕੋਸਿਸ ਕੀਤੀ ਗਈ ਪਰ ਹਰ ਕੋਸਿਸ ਨਾਕਾਮ ਸਾਬਤ ਹੋਈ ਤੇ ਅੱਜ ਹਾਲਾਤ ਇਹ ਨੇ ਕਿ ਕਈ ਥਾਵਾਂ ਤੇ ਸੜਕ ਤੇ ਪਏ 20-20 ਫੁੱਟ ਚੌੜੇ ਅਤੇ 10-10 ਫੁੱਟ ਡੂੰਘੇ ਟੋਇਆਂ ਨੂੰ ਕਥਿਤ ਸੁਰੱਖਿਅਤ ਰੱਖਣ ਲਈ ਇਹਨਾਂ ਦੇ ਆਲੇ ਦੁਆਲੇ ਵਿਭਾਗੀ ਅਧਿਕਾਰੀਆਂ ਨੂੰ ਬੈਰੀਕੇਟਿੰਗ ਕਰਨੀ ਪਈ ਹੈ ਅਤੇ ਇਹ ਬੈਰੀਗੇਟਿੰਗ ਕਿੰਨੇ ਦਿਨ ਜਾਂ ਮਹੀਨੇ ਹੋਰ ਇਸੇ ਤਰਾਂ ਰਹੇਗੀ ਕੋਈ ਨਹੀਂ ਜਾਣਦਾ? ਕਿਉਕਿ ਪਹਿਲਾਂ ਹੀ ਕਰੀਬ ਦੋ ਮਹੀਨੇ ਦਾ ਸਮਾਂ ਹੋ ਗਿਆ ਇਸ ਬੈਰੀਗੇਟਿੰਗ ਕੀਤੀ ਗਈ ਨੂੰ। ਗੱਲਬਾਤ ਕਰਨ ਤੇ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਜਾਂਚ ਕੀਤੇ ਜਾਣ ਦੀ ਗੱਲ ਕਰ ਰਹੇ ਹਨ ਪਰ ਜਮੀਨੀ ਪੱਧਰ ਤੇ ਕੁਝ ਵੀ ਨਜਰ ਨਹੀਂ ਆ ਰਿਹਾ ਸਿਵਾਏ ਡੂੰਘੇ ਬੋਰ ਕਰਨ ਦੇ।
ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਕਹਿਣਾ ਕਿ ਇਸ ਰੋਡ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਨਾਲ ਹੀ ਇਸ ਦੇ ਹੋਏ ਕੰਮ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਊਸ ਨੂੰ ਟੰਗਾਂਗੇ ਵੀ ਜ਼ਰੂਰ।

ਦੂਸਰਾ ਮਸਲਾ ਸਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਮੁਰੰਮਤ ਦਾ ਹੈ ਜੋ ਹਾਲੇ ਤੱਕ ਸੱਤਾਧਾਰੀ ਪਾਰਟੀ ਅਤੇ ਸਰਕਾਰੀ ਬਾਬੂਆਂ ਦੀ ਦਰਿਆਦਿਲੀ ਨੂੰ ਤਰਸ਼ ਰਹੀਆਂ ਹਨ ਅਤੇ ਲੋਕਾਂ ਦੇ ਵਹੀਕਲਾਂ ਅਤੇ ਜਾਨ ਦਾ ਖੌਅ ਬਣੀਆਂ ਹੋਈਆਂ ਹਨ।
ਤੀਸਰਾ ਮਸਲਾ ਸਹਿਰ ਅੰਦਰ ਕਾਨੂੰਨ ਵਿਵਥਾ ਦਾ ਹੈ । ਆਏ ਦਿਨ ਲੋਕਾਂ ਦੇ ਵਹੀਕਲ ਖਾਸ ਕਰ ਦੋਪਹੀਆ ਵਾਹਨ ਚੋਰੀ ਹੋ ਰਹੇ ਹਨ। ਦੁਕਾਨਾਂ ਦੇ ਸ਼ਟਰ ਟੁੱਟ ਰਹੇ ਹਨ, ਰਾਹ ਜਾਂਦਾ ਬੰਦਾ ਕੋਈ ਫੋਨ ਨਹੀਂ ਸੁਣ ਸਕਦਾ ਪਤਾ ਲੱਗੇ ਪਿੱਛੋਂ ਆਏ ਕੋਈ ਝਪਟਮਾਰ ਮੋਬਾਇਲ ਖੋਹ ਕੇ ਅਹੁ-ਗਏ-ਅਹੁ ਗਏ, ਕੋਈ ਲੇਡੀਜ ਖੁਲ੍ਹੇਆਮ ਕੀਮਤੀ ਗਹਿਣੇ ਪਾ ਕੇ ਬਜਾਰ ਨਹੀਂ ਜਾ ਸਕਦੀ ਸ਼ਰੇਆਮ ਝਪਟਮਾਰੀ ਦੀਆ ਵਾਰਦਾਤਾਂ ਹੋ ਰਹੀਆਂ।ਪੁਲਿਸ ਕਾਰਵਾਈ ਕਰਵਾਉਣ ਲਈ ਸੱਤਾਧਾਰੀ ਪਾਰਟੀ ਦੇ ਆਗੂਆਂ ਨੀ ਵੀ ਥਾਣਿਆ ਦੇ ਬਾਹਰ ਪ੍ਰਦਰਸ਼ਨ ਕਰਨਾਂ ਪੈ ਰਿਹਾ। ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਨਹੀਂ ਆ ਰਹੀ। ਕੂੜਾ ਕਰਕਟ ਦੇ ਢੇਰ ਚਾਰ ਚੁਫੇਰੇ ਦੇਖੇ ਜਾ ਸਕਦੇ ਹਨ। ਸਹਿਰ ਅੰਦਰ ਦੁਕਾਨਦਾਰਾਂ ਵੱਲੋਂ ਸ਼ਰੇਆਮ ਫੁੱਟਪਾਥਾਂ ਤੇ ਕਬਜੇ ਕਰ ਕੇ ਸ਼ਟਰ ਲਗਾਏ ਜਾ ਰਹੇ ਹਨ ਪਰ ਕੋਈ ਵੀ ਵਿਰੋਧੀ ਧਿਰ ਦਾ ਆਗੂ ਕਿਸੇ ਮਸਲੇ ਤੇ ਬੋਲਦਾ ਜਾਂ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਵਾਲ ਕਰਦਾ ਨਜਰ ਨਹੀਂ ਆ ਰਿਹਾ। ਨਿੱਕੇ ਨਿੱਕੇ ਮਸਲਿਆਂ ਤੇ ਇਕ ਦੂਜੇ ਖਿਲਾਫ ਮਿਹਣੋ ਮਿਹਣੀ ਹੋਣ ਵਾਲੇ ਵਿਰੋਧੀ ਪਾਰਟੀਆ ਦੇ ਆਗੂਆਂ ਵੱਲੋਂ ਲਗਦਾ ਜਿਵੇਂ ਸੱਤਾਧਾਰੀ ਪਾਰਟੀ ਜਾਂ ਪ੍ਰਸ਼ਾਸਨਿਕ ਅਧਿਕਾਰੀਆ ਨਾਲ ਕੋਈ ਕਥਿਤ ਗੁਪਤ ਸਮਝੌਤਾ ਕੀਤਾ ਹੋਵੇ।
ਇਹ ਸਭ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਫਰੀਦਕੋਟ ਦਾ ਸਿਰਫ ਰੱਬ ਹੀ ਰਾਖਾ। ਲੋਕਾਂ ਨੂੰ ਆਪਣੇ ਪੱਧਰ ਤੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰਨੇ ਪੈਣਗੇ ਲੀਡਰਾਂ ਤੋਂ ਕਿਸੇ ਤਰਾਂ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਫਿਰ ਭਾਵੇਂ ਉਹ ਸੱਤਾ ਦੇ ਅੰਦਰ ਹੋਣ ਜਾਂ ਬਾਹਰ।
