ਐਮ.ਪੀ. ਆਧਾਰਤ ਗੈਰਕਾਨੂੰਨੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, 9 ਪਿਸਤੌਲ ਬਰਾਮਦ; ਇੱਕ ਗ੍ਰਿਫ਼ਤਾਰ

ਲਲਿਤ ਕੁਮਾਰ,

ਅੰਮ੍ਰਿਤਸਰ  16 ਨਵੰਬਰ 2025:

ਕਾਊਂਟਰ ਇੰਟੈਲੀਜੈਂਸ (ਸੀ ਆਈ) ਅੰਮ੍ਰਿਤਸਰ ਨੇ ਮੱਧ ਪ੍ਰਦੇਸ਼ ਆਧਾਰਤ ਗੈਰਕਾਨੂੰਨੀ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ ਇੱਕ ਵਿਅਕਤੀ ਨੂੰ 9 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਇਸ ਕਾਰਵਾਈ ਨਾਲ ਗੈਂਗਸਟਰੀ ਰੋਹ-ਰੰਜਿਸ਼ ਕਰਕੇ ਹੋਣ ਵਾਲੀ ਇਕ ਟਾਰਗਟ ਕਿਲਿੰਗ ਦੀ ਯੋਜਨਾ ਨੂੰ ਨਾਕਾਮ ਕੀਤਾ ਗਿਆ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਤਰਨ ਤਾਰਨ ਦੇ ਪਿੰਡ ਨੌਸ਼ਹਰਾ ਪੰਨੂਆਂ ਵਾਸੀ ਅਰੁਣ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੀਆਂ ਪਿਸਤੌਲਾਂ ਵਿੱਚ 7 .32 ਬੋਰ ਅਤੇ 2 .30 ਬੋਰ ਪਿਸਤੌਲਾਂ, ਨਾਲ ਹੀ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਹਥਿਆਰ ਇਲਾਕੇ ਵਿਚ ਵਿਰੋਧੀ ਗਰੁੱਪਾਂ ਵਿਚਲੇ ਝਗੜੇ ਕਾਰਨ ਟਾਰਗਟ ਕਤਲ ਲਈ ਖਰੀਦੇ ਗਏ ਸਨ।

ਅਰੁਣ ਸਿੰਘ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਇਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ’ਚ ਸੀ ਅਤੇ ਪੰਜਾਬ ਵਿਚ ਅਪਰਾਧੀ ਤੱਤਾਂ ਨੂੰ ਹਥਿਆਰ ਉਪਲਬਧ ਕਰਵਾ ਰਿਹਾ ਸੀ।ਸੀ ਆਈ ਅੰਮ੍ਰਿਤਸਰ ਨੂੰ ਵਿਸ਼ੇਸ਼ ਖੁਫੀਆ ਸੂਚਨਾ ਮਿਲੀ ਸੀ ਕਿ ਮੱਧ ਪ੍ਰਦੇਸ਼ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਆ ਰਹੀ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਅੰਮ੍ਰਿਤਸਰ ਦੇ ਘਨੂਪੁਰ ਕਾਲੇ ਨੇੜੇ ਬਾਈਪਾਸ ਰੋਡ ’ਤੇ ਏਚਪੀ ਪੈਟਰੋਲ ਪੰਪ ਕੋਲ ਕਾਰਵਾਈ ਕਰਦਿਆਂ ਸ਼ੱਕੀ ਵਿਅਕਤੀ ਨੂੰ ਰੋਕਿਆ ਅਤੇ ਉਸਦੇ ਕਬਜ਼ੇ ’ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ।

ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਜਾਂਚ ਜਾਰੀ ਹੈ ਤਾਂ ਜੋ ਪੂਰੀ ਸਪਲਾਈ ਚੇਨ ਦਾ ਖੁਲਾਸਾ ਹੋ ਸਕੇ ਅਤੇ ਇਸ ਗੈਰਕਾਨੂੰਨੀ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਮਾਮਲੇ ਸਬੰਧੀ ਐੱਫ.ਆਈ.ਆਰ. ਨੰਬਰ 68, ਤਾਰੀਖ 15 ਨਵੰਬਰ 2025, ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿੱਚ ਅਸਤ੍ਰ ਐਕਟ ਦੀਆਂ ਧਾਰਾਵਾਂ 25 ਅਤੇ 25(1)(A) ਤੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 61(2) ਹੇਠ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *