ਦਿੱਲੀ ਧਮਾਕਿਆਂ ਦੇ ਜ਼ਖਮੀਆਂ ਨੂੰ ਹਸਪਤਾਲ ‘ਚ ਮਿਲੇ PM ਮੋਦੀ, ਕਿਹਾ – ਸਾਜ਼ਿਸ਼ ਰਚਣ ਵਾਲਿਆਂ ਨੂੰ ਮਿਲੇਗੀ ਸਖ਼ਤ ਸਜ਼ਾ

News99punjab Desk

ਨਵੀਂ ਦਿੱਲੀ, 12 ਨਵੰਬਰ 2025:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦਿੱਲੀ ਲਾਲ ਕਿਲ੍ਹਾ ਧਮਾਕੇ ਦੇ ਜ਼ਖਮੀਆਂ ਨਾਲ ਮੁਲਾਕਾਤ ਕਰਨ ਲਈ ਐਲ.ਐਨ.ਜੇ.ਪੀ ਹਸਪਤਾਲ ਪਹੁੰਚੇ। ਭੂਟਾਨ ਦੌਰੇ ਤੋਂ ਵਾਪਸ ਆਉਣ ਉਪਰੰਤ, ਮੋਦੀ ਸਿੱਧੇ ਹਵਾਈ ਅੱਡੇ ਤੋਂ ਹਸਪਤਾਲ ਵਿੱਚ ਪਹੁੰਚੇ ਅਤੇ ਜ਼ਖਮੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ।ਉਹ ਲਗਭਗ ਅੱਧਾ ਘੰਟਾ ਹਸਪਤਾਲ ਵਿੱਚ ਰਹੇ ਤੇ ਜ਼ਖਮੀਆਂ ਨਾਲ ਗੱਲਬਾਤ ਕੀਤੀ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਧਮਾਕੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਕਿਸੇ ਵੀ ਹਾਲਤ ‘ਚ ਛੱਡਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੇਗੀ।ਸ਼ਾਮ ਨੂੰ ਪ੍ਰਧਾਨ ਮੰਤਰੀ ਨੇ ਸੁਰੱਖਿਆ ਮਾਮਲਿਆਂ ਨਾਲ ਸੰਬੰਧਤ ਕੈਬਨਿਟ ਕਮੇਟੀ ਦੀ ਵਿਸ਼ੇਸ਼ ਬੈਠਕ ਬੁਲਾਈ ਹੈ, ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਘਟਨਾ ਦੇ ਵੇਰਵੇ ਪੇਸ਼ ਕਰਨਗੇ।

ਜਖਮੀਆਂ ਨੂੰ ਮਿਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸੂਤਰਾਂ ਮੁਤਾਬਿਕ ਇਸ ਬੈਠਕ ਤੋਂ ਬਾਅਦ ਧਮਾਕੇ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਜਨਤਕ ਕੀਤੀਆਂ ਜਾ ਸਕਦੀਆਂ ਹਨ।ਇਸ ਘਟਨਾ ਨੂੰ ਲੈ ਕੇ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅਤਿਵਾਦੀ ਮੋਡੀਊਲ ਨੇ ਲਗਭਗ 200 ਬੰਬਾਂ ਨਾਲ 26/11 ਵਰਗੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਸੀ।

ਦਿੱਲੀ, ਗੁਰੂਗ੍ਰਾਮ ਅਤੇ ਫਰੀਦਾਬਾਦ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਪ੍ਰਮੁੱਖ ਸਥਾਨਾਂ ਜਿਵੇਂ ਕਿ ਲਾਲ ਕਿਲ੍ਹਾ, ਇੰਡੀਆ ਗੇਟ ਅਤੇ ਗੌਰੀ ਸ਼ੰਕਰ ਮੰਦਿਰ ਨੂੰ ਖਾਸ ਤੌਰ ‘ਤੇ ਚੁਣਿਆ ਗਿਆ ਸੀ।ਇਨ੍ਹਾਂ ਤੋਂ ਇਲਾਵਾ ਦੇਸ਼ ਭਰ ਦੇ ਵੱਡੇ ਰੇਲਵੇ ਸਟੇਸ਼ਨ ਅਤੇ ਮੌਲਜ਼ ਨੂੰ ਵੀ ਨਿਸ਼ਾਨੇ ’ਤੇ ਰੱਖਿਆ ਗਿਆ ਸੀ।

ਸੂਤਰਾਂ ਅਨੁਸਾਰ ਅਤਿਵਾਦੀ ਪਿਛਲੇ ਕਈ ਮਹੀਨਿਆਂ ਤੋਂ ਇਹ ਸਾਜ਼ਿਸ਼ ਤਿਆਰ ਕਰ ਰਹੇ ਸਨ ਅਤੇ ਉਨ੍ਹਾਂ ਦਾ ਸਬੰਧ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *