News99punjab
ਆਨੰਦਪੁਰ ਸਾਹਿਬ 10 ਨਵੰਬਰ 2025:
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਨੂੰ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ‘ਤੇ ਤਿੱਖੇ ਸ਼ਬਦਾਂ ‘ਚ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ ਹੈ ਕਿ ਧਾਰਮਿਕ ਸਮਾਰੋਹਾਂ ‘ਚ ਸਰਕਾਰੀ ਦਖ਼ਲ ਅਣਛੋਹਾ ਹੈ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੈ।
ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਪ੍ਰੋਗਰਾਮ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਵੱਡੀ ਉਤਸ਼ਾਹਪੂਰਨ ਹਾਜ਼ਰੀ ਦਰਜ ਹੋ ਰਹੀ ਹੈ। ਉਨ੍ਹਾਂ ਦੇ ਅਨੁਸਾਰ ਕਮੇਟੀ ਤਿਆਰੀਆਂ ਮੁਕੰਮਲ ਕਰ ਚੁੱਕੀ ਹੈ ਤੇ ਵੱਖ-ਵੱਖ ਇਲਾਕਿਆਂ ਤੋਂ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੇ ਹਨ।

ਸਰਕਾਰ ਦੇ ਤਰੀਕੇ ‘ਤੇ ਟਿੱਪਣੀ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਵੱਡੇ ਸਪੀਕਰ ਲਗਾਏ ਹਨ, ਜੋ ਧਾਰਮਿਕ ਗੰਭੀਰਤਾ ਦੇ ਖਿਲਾਫ ਹਨ। ਉਨ੍ਹਾਂ ਨੇ ਇਹ ਸਪੀਕਰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਦਾ ਮੁੱਖ ਮਕਸਦ ਗੁਰੂ ਤੇਗ ਬਹਾਦਰ ਸਾਹਿਬ ਦੇ ਬਲਿਦਾਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਯਾਦ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਹੋਣ ਵਾਲੇ ਸਮਾਰੋਹਾਂ ਦਾ ਸੱਦਾ ਮਿਲਿਆ ਹੈ।

ਜਥੇਦਾਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਛਪੇ ਸਰਕਾਰੀ ਪੰਫਲੈਟਾਂ ‘ਤੇ ਵੀ ਐਤਰਾਜ਼ ਜਤਾਇਆ ਅਤੇ ਕਿਹਾ ਕਿ ਪੰਜਾਬੀ ਧਰਤੀ ‘ਤੇ ਹੋਣ ਵਾਲੇ ਸਮਾਰੋਹ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਪ੍ਰਚਾਰਿਤ ਹੋਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸ਼ਹਿਰ ਵਿੱਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਅਧੂਰੀਆਂ ਰਹੀਆਂ ਹਨ ਅਤੇ ਜਿਹੜੇ ਕੰਮ ਸਮੇਂ ਸਿਰ ਪੂਰੇ ਹੋਣੇ ਚਾਹੀਦੇ ਸਨ, ਉਹ ਅਜੇ ਬਾਕੀ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਜੇ ਸਰਕਾਰ ਆਪਣਾ ਪ੍ਰੋਗਰਾਮ ਕਰਨ ਉੱਤੇ ਅਡਿਗ ਹੈ, ਤਾਂ ਪੰਥ ਭੀ ਇਸ ਪਵਿੱਤਰ ਮੌਕੇ ਨੂੰ ਪੂਰੀ ਚੜ੍ਹਦੀ ਕਲਾ ਨਾਲ ਮਨਾਏਗਾ।
