ਅਕਾਲ ਤਖਤ ਜਥੇਦਾਰ ਦਾ ਅਮਨ ਸੰਦੇਸ਼ — ਪਾਕਿਸਤਾਨ ਤੋਂ ਵਾਪਸੀ ‘ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ

ਲਲਿਤ ਕੁਮਾਰ,

ਅੰਮ੍ਰਿਤਸਰ, 10 ਨਵੰਬਰ 2025:

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜੱਥਾ ਅੱਜ ਅਟਾਰੀ-ਵਾਘਾ ਬਾਰਡਰ ਰਾਹੀਂ ਵਾਪਸ ਭਾਰਤ ਪਰਤ ਆਇਆ। ਇਸ ਧਾਰਮਿਕ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ।

ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਗੜਗੱਜ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਸ਼ਾਂਤੀਪੂਰਨ ਢੰਗ ਨਾਲ ਦਰਸ਼ਨ ਹੋਏ। ਉਹਨਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਤੇ ਲਹਿੰਦੇ ਪੰਜਾਬ ਦੀ ਸਰਕਾਰ ਦੇ ਸ਼੍ਰੇਸ਼ਠ ਪ੍ਰਬੰਧਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।ਉਹਨਾਂ ਦੱਸਿਆ ਕਿ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਦਰਸ਼ਨ ਦੌਰਾਨ ਪੂਰਾ ਪ੍ਰੋਟੋਕਾਲ, ਸੁਰੱਖਿਆ ਤੇ ਮੈਡੀਕਲ ਸਹੂਲਤਾਂ ਬਹੁਤ ਵਧੀਆ ਰਹੀਆਂ। ਉੱਥੇ ਸਿੱਖ ਸੰਗਤਾਂ ਤੋਂ ਇਲਾਵਾ ਸਿੰਧੀ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨਾਲ ਗੁਰਬਾਣੀ ਦੇ ਪਿਆਰ ਤੇ ਸਾਂਝ ਦੇ ਸੰਦੇਸ਼ ਸਾਂਝੇ ਕੀਤੇ ਗਏ।

ਗਿਆਨੀ ਗੜਗੱਜ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਵਿਚ ਭਾਰਤੀ ਸਿੱਖਾਂ ਲਈ ਪਿਆਰ ਤੇ ਸਤਿਕਾਰ ਦੇ ਭਾਵਨਾ ਭਰਪੂਰ ਹੈ। ਉਹਨਾਂ ਦੱਸਿਆ ਕਿ “ਲਾਹੌਰ ਦੇ ਬਾਜ਼ਾਰਾਂ ਵਿੱਚ ਲੋਕ ਖੁੱਲ੍ਹੇ ਦਿਲ ਨਾਲ ਮਿਲੇ ਤੇ ਪੁੱਛਦੇ ਸਨ — ਦਸਤਾਰ ਵਾਲੇ ਕਦੋਂ ਆਉਣਗੇ?” ਇਹ ਗੱਲ ਦਰਸਾਉਂਦੀ ਹੈ ਕਿ ਦੋਨਾਂ ਪਾਸਿਆਂ ਦੇ ਲੋਕਾਂ ਵਿਚ ਨਫ਼ਰਤ ਨਹੀਂ, ਸਗੋਂ ਸਨੇਹਾ ਹੈ।ਕਰਤਾਰਪੁਰ ਲਾਂਘੇ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਹਾਲੀਆ ਹੜ੍ਹਾਂ ਕਾਰਨ ਨੁਕਸਾਨ ਤੋਂ ਬਾਅਦ ਵੀ ਹੁਣ ਉੱਥੇ ਦੇ ਪ੍ਰਬੰਧ ਬਿਹਤਰੀਨ ਹੋ ਚੁੱਕੇ ਹਨ।

ਉਹਨਾਂ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਕਰਤਾਰਪੁਰ ਲਾਂਘਾ ਜਲਦੀ ਖੋਲ੍ਹਿਆ ਜਾਵੇ, ਤਾਂ ਜੋ ਵੱਧ ਤੋਂ ਵੱਧ ਸਿੱਖ ਯਾਤਰੀ ਦਰਸ਼ਨ ਲਈ ਜਾ ਸਕਣ।ਉਹਨਾਂ ਕਿਹਾ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੇੜੇ ਹੈ, ਤਾਂ ਲਾਂਘੇ ਦਾ ਖੁਲ੍ਹਣਾ “ਸੋਨੇ ਉੱਤੇ ਸੁਹਾਗਾ” ਹੋਵੇਗਾ। ਦੋਨਾਂ ਦੇਸ਼ਾਂ ਵਿਚਕਾਰ ਇਹ ਰਾਹ ਸਿਰਫ਼ ਕੁਝ ਕਿਲੋਮੀਟਰਾਂ ਦੀ ਦੂਰੀ ਨਹੀਂ ਘਟਾਉਂਦਾ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ।

ਗਿਆਨੀ ਗੜਗੱਜ ਨੇ ਇਹ ਵੀ ਅਪੀਲ ਕੀਤੀ ਕਿ ਜਿਨ੍ਹਾਂ ਯਾਤਰੀਆਂ ਨੂੰ ਵੀਜ਼ਾ ਮਿਲ ਜਾਵੇ, ਉਹਨਾਂ ਨੂੰ ਗੁਰੂ ਘਰ ਦੇ ਦਰਸ਼ਨ ਦੀ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ, ਅਤੇ ਦੋਨਾਂ ਪਾਸਿਆਂ ਦੇ ਹਿੰਦੂ ਤੇ ਸਿੱਖ ਸ਼ਰਧਾਲੂਆਂ ਲਈ ਵੀ ਵੀਜ਼ਾ ਸੁਵਿਧਾ ਸੌਖੀ ਕੀਤੀ ਜਾਵੇ।ਉਹਨਾਂ ਆਪਣੇ ਸੰਦੇਸ਼ ਵਿੱਚ ਕਿਹਾ, “ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਿਆਰ, ਇਕਤਾ ਤੇ ਸਾਂਝ ਦਾ ਪੈਗਾਮ ਦਿੱਤਾ ਸੀ। ਅਸੀਂ ਦੋਨਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਭਰਾਵਾਂ ਵਾਲਾ ਮਾਹੌਲ ਬਣਾਈਏ — ਇਹੀ ਸਾਡੀ ਅਰਦਾਸ ਹੈ।”

Leave a Reply

Your email address will not be published. Required fields are marked *