News99punjab
ਪਟਿਆਲਾ, 4 ਨਵੰਬਰ 2025:
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਸਮਾਗਮਾਂ ਦੀ ਕੜੀ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਲਾਈਟ ਐਂਡ ਸਾਊਂਡ ਸ਼ੋਅ “ਹਿੰਦ ਦੀ ਚਾਦਰ” ਨੇ ਮੰਗਲਵਾਰ ਸ਼ਾਮ ਪਟਿਆਲਾ ਪੋਲੋ ਗ੍ਰਾਊਂਡ ਵਿਖੇ ਪਹੁੰਚੀ ਸੰਗਤ ਨੂੰ ਭਾਵੁਕ ਕਰ ਦਿੱਤਾ।

ਸ਼ੋਅ ਵਿੱਚ 350 ਸਾਲ ਪਹਿਲਾਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੁਆਰਾ ਧਰਮ, ਸੱਚਾਈ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੇ ਬਲਿਦਾਨ ਨੂੰ ਰੌਸ਼ਨੀ, ਧੁਨੀ ਅਤੇ ਪ੍ਰਭਾਵਸ਼ਾਲੀ ਦ੍ਰਿਸ਼ਾਂ ਰਾਹੀਂ ਦਰਸਾਇਆ ਗਿਆ। ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ ਅਤੇ ਸ਼ਹਾਦਤ ਦਾ ਐਹੋ ਜਿਹਾ ਪ੍ਰਦਰਸ਼ਨ ਕੀਤਾ ਗਿਆ ਕਿ ਹਰ ਉਮਰ ਦੇ ਦਰਸ਼ਕ ਮੋਹਤ ਹੋ ਗਏ।

ਪ੍ਰੋਗਰਾਮ ਦੀ ਸ਼ੁਰੂਆਤ ਢਾਡੀ ਸੁਖਦੇਵ ਸਿੰਘ ਬੂਹ ਦੇ ਜਥੇ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਦਾ ਵਰਨਨ ਕੀਰਤਨ ਰੂਪ ਵਿੱਚ ਕੀਤਾ। ਸਮਾਗਮ ਦੌਰਾਨ “ਧੰਨ ਗੁਰੂ ਤੇਗ ਬਹਾਦੁਰ ਜੀ” ਦੇ ਜੈਕਾਰੇ ਨਾਲ ਪੂਰਾ ਮਾਹੌਲ ਗੂੰਜ ਉਠਿਆ।

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਰੂ ਸਾਹਿਬ ਦੀ 350ਵੀ ਸ਼ਹਾਦਤ ਸ਼ਤਾਬਦੀ ਨੂੰ ਇੱਕ ਸੇਵਕ ਵਾਂਗ ਵੱਡੇ ਪੱਧਰ ’ਤੇ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ ਡਿਜ਼ਿਟਲ ਤਕਨੀਕ ਰਾਹੀਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ, ਉਪਦੇਸ਼ਾਂ, ਸਿੱਖ ਇਤਿਹਾਸ ਅਤੇ ਮਹਾਨ ਵਿਰਾਸਤ ’ਤੇ ਰੋਸ਼ਨੀ ਪਾਂਦਾ ਹੈ।

ਡਾ. ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਕਿਸੇ ਇੱਕ ਧਰਮ ਲਈ ਨਹੀਂ ਸੀ, ਸਗੋਂ ਪੂਰੀ ਮਨੁੱਖਤਾ ਦੀ ਰੱਖਿਆ ਲਈ ਸੀ। ਉਨ੍ਹਾਂ ਜ਼ੁਲਮ ਅਤੇ ਅਨਿਆਇ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਕੇ ਧਾਰਮਿਕ ਆਜ਼ਾਦੀ ਦੀ ਮਿਸਾਲ ਕਾਇਮ ਕੀਤੀ। ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਹ ਮਹਾਨ ਸ਼ਹਾਦਤ ਦੀ ਗੂੰਜ ਰਾਜ ਦੇ ਹਰ ਕੋਨੇ ਤੱਕ ਪਹੁੰਚੇ ਅਤੇ ਨਵੀਂ ਪੀੜ੍ਹੀ ਇਸ ਤੋਂ ਪ੍ਰੇਰਨਾ ਲਏ।
ਉਨ੍ਹਾਂ ਦੱਸਿਆ ਕਿ ਇਸ ਸ਼ੋਅ ਰਾਹੀਂ ਰਾਜ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਆਉਣ ਵਾਲੇ ਹਫ਼ਤਿਆਂ ਵਿੱਚ ਪੰਜਾਬ ਭਰ ਵਿੱਚ ਜਾਰੀ ਰਹਿਣਗੇ। ਖ਼ਾਸ ਤੌਰ ’ਤੇ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਵਿਆ ਕਾਰਜਕ੍ਰਮ ਕਰਵਾਏ ਜਾਣਗੇ।ਡਾ. ਬਲਬੀਰ ਸਿੰਘ ਨੇ ਹੋਰ ਦੱਸਿਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਪਟਿਆਲਾ ਜ਼ਿਲ੍ਹੇ ਦੇ 36 ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਹੋ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੀ ਦਮਦਮਾਂ ਸਾਹਿਬ, ਤਲਵੰਡੀ ਸਾਬੋਂ ਤੋਂ ਸ਼ੁਰੂ ਹੋ ਰਿਹਾ ਵਿਸ਼ਾਲ ਨਗਰ ਕੀਰਤਨ 21 ਨਵੰਬਰ ਨੂੰ ਪਟਿਆਲਾ ਪਹੁੰਚੇਗਾ, ਜਿੱਥੇ ਪੰਜਾਬ ਸਰਕਾਰ ਵੱਲੋਂ ਉਸਨੂੰ ਇਤਿਹਾਸਕ “ਗਾਰਡ ਆਫ਼ ਆਨਰ” ਦਿੱਤਾ ਜਾਵੇਗਾ।ਸੰਗਤ ਵੱਲੋਂ ਕਿਹਾ ਗਿਆ ਕਿ “ਹਿੰਦ ਦੀ ਚਾਦਰ” ਸ਼ੋਅ ਦਾ ਅਨੁਭਵ ਮਨਮੋਹਕ ਅਤੇ ਪ੍ਰੇਰਨਾਦਾਇਕ ਰਿਹਾ। ਇਸ ਵਿੱਚ ਗੁਰੂ ਸਾਹਿਬ ਦੇ ਸ਼ਾਂਤੀ, ਸਹਿਨਸ਼ੀਲਤਾ ਅਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ।
