ਲਖਵੀਰ ਚੀਮਾ,
ਬਰਨਾਲਾ, 5 ਨਵੰਬਰ 2025:
ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਬਰਨਾਲਾ ਦੇ ਪਿੰਡ ਠੁੱਲੀਵਾਲ ਦਾ ਫੌਜੀ ਨਾਇਕ ਜਗਸੀਰ ਸਿੰਘ (35) ਸ਼ਹੀਦ ਹੋ ਗਿਆ। ਸ਼ਹੀਦੀ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।ਜਾਣਕਾਰੀ ਅਨੁਸਾਰ, ਨਾਇਕ ਜਗਸੀਰ ਸਿੰਘ ਸਿੱਖ ਰੈਜੀਮੈਂਟ ਦੀ ਮਦਰ ਯੂਨਿਟ 27 ਵਿੱਚ ਤਾਇਨਾਤ ਸਨ। ਕੱਲ੍ਹ ਦੇਰ ਸ਼ਾਮ ਉਨ੍ਹਾਂ ਦੀ ਸ਼ਹੀਦੀ ਦੀ ਸੋਚਨਾ ਯੂਨਿਟ ਵਲੋਂ ਪਰਿਵਾਰ ਨੂੰ ਦਿੱਤੀ ਗਈ।
ਜਗਸੀਰ ਸਿੰਘ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸਨ ਅਤੇ ਆਪਣੇ ਮਾਪਿਆਂ ਦੀਆਂ ਦੋ ਧੀਆਂ ਵਿੱਚੋ ਇੱਕੋ ਪੁੱਤਰ ਸਨ। ਉਨ੍ਹਾਂ ਦਾ ਵਿਆਹ ਸਾਲ 2015 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ 10 ਸਾਲ ਦਾ ਪੁੱਤਰ ਹੈ।ਸ਼ਹੀਦ ਦਾ ਪਾਰਥਿਵ ਸ਼ਰੀਰ ਬੁੱਧਵਾਰ (5 ਨਵੰਬਰ) ਦੀ ਸਵੇਰ ਪਿੰਡ ਠੁੱਲੀਵਾਲ ਪਹੁੰਚੇਗਾ। ਪਿੰਡ ਦੇ ਸਰਕਾਰੀ ਸਕੂਲ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਕੀ ਸਨਮਾਨ ਨਾਲ ਕੀਤਾ ਜਾਵੇਗਾ।
ਨਾਇਕ ਜਗਸੀਰ ਸਿੰਘ ਨੇ 12ਵੀਂ ਕਲਾਸ ਤੱਕ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 2012 ਵਿੱਚ ਭਾਰਤੀ ਫੌਜ ਵਿੱਚ ਭਰਤੀ ਲਈ ਸੀ। ਸਾਲ 2026 ਦੇ ਮਾਰਚ ਮਹੀਨੇ ਵਿੱਚ ਉਨ੍ਹਾਂ ਦੀ ਰਿਟਾਇਰਮੈਂਟ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇ ਦਿੱਤੀ।ਫਿਲਹਾਲ ਉਨ੍ਹਾਂ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਫੌਜ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
