ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨੀ ਹਥਿਆਰ ਸਮਗਲਿੰਗ ਮੋਡਿਊਲ ਬੇਨਕਾਬ, ਹਥਿਆਰਾਂ ਦੀ ਖੇਪ ਬਰਾਮਦ

ਲਲਿਤ ਕੁਮਾਰ

ਅੰਮ੍ਰਿਤਸਰ, 5 ਨਵੰਬਰ 2025:

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦੀ ਪਿੰਡ ਘੋਨੇਵਾਲ ’ਚੋਂ ਪਾਕਿਸਤਾਨ ਲਿੰਕ ਹਥਿਆਰ ਸਮਗਲਿੰਗ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤਾ ਹੈ।

ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀ ਦੀ ਮਦਦ ਨਾਲ ਪੁਲਿਸ ਨੂੰ ਘੋਨੇਵਾਲ ਪਿੰਡ ਨੇੜੇ ਇੱਕ ਸ਼ੱਕੀ ਬੈਗ ਮਿਲਿਆ। ਬੈਗ ਦੀ ਤਲਾਸ਼ ਦੌਰਾਨ ਉਸ ਵਿੱਚੋਂ 2 ਏਕੇ ਅਸਾਲਟ ਰਾਈਫਲਾਂ, 8 ਮੈਗਜ਼ੀਨਾਂ, 245 ਜੀਵਤ ਕਾਰਤੂਸ, 1 ਪਿਸਤੌਲ, 2 ਮੈਗਜ਼ੀਨਾਂ ਅਤੇ 50 ਜੀਵਤ ਕਾਰਤੂਸ ਬਰਾਮਦ ਕੀਤੇ ਗਏ।

ਉਹਨਾਂ ਕਿਹਾ ਕਿ ਪ੍ਰਾਰੰਭਿਕ ਜਾਂਚ ਤੋਂ ਪਤਾ ਲਗਿਆ ਹੈ ਕਿ ਇਹ ਖੇਪ ਪਾਕਿਸਤਾਨ ਦੇ ਰਾਹੀਂ ਭਾਰਤ ਅੰਦਰ ਭੇਜੀ ਗਈ ਸੀ। ਪਾਕਿਸਤਾਨ ਵੱਲੋਂ ਰਾਜ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਤੱਤਾਂ ਨੂੰ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਹਰ ਐੰਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

ਐਸ.ਐਸ.ਪੀ. ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਹ ਖੇਪ ਸੌਂਪਣੀ ਸੀ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਕਾਰਵਾਈ ਤੋਂ ਬਾਅਦ ਸਰਹੱਦੀ ਇਲਾਕਿਆਂ ’ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

Leave a Reply

Your email address will not be published. Required fields are marked *