News99Punjab
ਭਦੌੜ (ਬਰਨਾਾਲਾ), 4 ਨਵੰਬਰ 2025:
ਭਦੌੜ ਹਲਕੇ ਦੇ ਫਤਿਹਗੜ੍ਹ ਛੰਨਾ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਦੇ ਖ਼ਿਲਾਫ਼ ਰੋਸ ਤੇਜ਼ ਹੋ ਗਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ, ਕਿਸਾਨ ਯੂਨੀਅਨਾਂ ਅਤੇ ਨੰਬਰਦਾਰਾਂ ਨੇ ਸਾਂਝੇ ਤੌਰ ‘ਤੇ ਬਰਨਾਾਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਗਿਆਪਨ ਸੌਂਪ ਕੇ ਪਿੰਡ ਦੇ ਵਿਕਾਸ ਲਈ ਇਕੱਠੇ ਹੋਏ ਫੰਡਾਂ ਨੂੰ ਹੜ੍ਹ ਪੀੜਤਾਂ ਲਈ ਵਰਤਣ ਦੀ ਸਰਕਾਰ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ।
ਸਰਪੰਚ ਰਾਜਵਿੰਦਰ ਕੌਰ, ਕਿਸਾਨ ਆਗੂ ਬਲੌਰ ਸਿੰਘ ਛੰਨਾ (ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ), ਨਿਰਮਲ ਸਿੰਘ (ਕਾਦੀਆਂ ਸੰਗਠਨ) ਅਤੇ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਕਈ ਸਾਲ ਪਹਿਲਾਂ ਪਿੰਡ ਦੀ ਜ਼ਮੀਨ ਵਾਪਸ ਲਈ ਗਈ ਸੀ, ਜਿਸ ਦੇ ਵਿਕਰੀ ਫੰਡ ਨੂੰ ਪਿੰਡ ਦੀ ਤਰੱਕੀ ਲਈ ਵਰਤਿਆ ਜਾ ਰਿਹਾ ਹੈ।
ਉਹਨਾਂ ਆਰੋਪ ਲਗਾਇਆ ਕਿ ਐਮ.ਐਲ.ਏ. ਲਾਭ ਸਿੰਘ ਉਗੋਕੇ ਵੱਲੋਂ ਹੜ੍ਹ ਪੀੜਤਾਂ ਦੇ ਨਾਂ ਤੇ ਪੰਚਾਇਤ ਤੋਂ 13 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਵਿਰੋਧ ਕਰਨ ‘ਤੇ ਸਰਪੰਚ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਹਨ ਤੇ ਪੰਚਾਇਤ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੰਡਾਂ ਦਾ ਹੁਕਮ ਸਰਕਾਰ ਮੁਤਾਬਕ ਚਲਾਇਆ ਜਾਵੇ।
ਇਸ ਮਾਮਲੇ ਨੂੰ ਲੈ ਕੇ ਪਿੰਡ ਵਿਚ ਵੱਡਾ ਇਕੱਠ ਹੋਇਆ, ਜਿਸ ਵਿਚ ਪੰਚਾਇਤ ਨੇ ਇੱਕ ਪ੍ਰਸਤਾਵ ਪਾਸ ਕੀਤਾ ਕਿ ਪਿੰਡ ਦੀ ਜ਼ਮੀਨ ਦੇ ਵਿਕਰੀ ਫੰਡ ਵਿਚੋਂ ਕੋਈ ਵੀ ਰਕਮ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ। ਇਹ ਰਕਮ ਕੇਵਲ ਪਿੰਡ ਦੀਆਂ ਵਿਕਾਸ ਗਤੀਵਿਧੀਆਂ ਤੇ ਨਵੀਂ ਜ਼ਮੀਨ ਖਰੀਦਣ ‘ਤੇ ਹੀ ਖਰਚ ਹੋਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਇਹ ਫੰਡ ਕਿਸੇ ਹੋਰ ਮਕਸਦ ਲਈ ਵਰਤੇ ਗਏ ਤਾਂ ਕਿਸਾਨ ਸੰਗਠਨ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ, ਸ਼ਿਰੋਮਣੀ ਅਕਾਲੀ ਦਲ ਦੇ ਭਦੌੜ ਹਲਕੇ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਗ੍ਰਾਮ ਪੰਚਾਇਤਾਂ ਦੇ ਅਧਿਕਾਰਾਂ ‘ਤੇ ਹੱਥ ਪਾ ਰਹੀ ਹੈ। ਉਹਨਾਂ ਦਾਵਾ ਕੀਤਾ ਕਿ ਅਕਾਲੀ ਦਲ ਪਿੰਡ ਫਤੇਹਗੜਛੰਨਾ ਨਾਲ ਚਟਾਨ ਵਾਂਗ ਖੜ੍ਹੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜ਼ਬਰ ਨਹੀਂ ਹੋਣ ਦਿੱਤਾ ਜਾਵੇਗਾ।
ਕੇਜਰੀਵਾਲ ਸਰਕਾਰ ਦੇ “ਵਾਅਦੇ ਅਤੇ ਹਕੀਕਤ” ਵਿਚਲੇ ਫਰਕ ਨੂੰ ਉਹਨਾਂ ਨੇ ਉਜਾਗਰ ਕੀਤਾ।ਦੂਜੇ ਪਾਸੇ, ਐਮ.ਐਲ.ਏ. ਲਾਭ ਸਿੰਘ ਉਗੋਕੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇਸ ਮਾਮਲੇ ‘ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।
