ਵਿਆਹ ਦੀਆਂ ਤਿਆਰੀਆਂ ਵਿਚ ਛਾਇਆ ਮਾਤਮ: ਡੋਲੀ ਦੀ ਥਾਂ ਉੱਠੀ ਅਰਥੀ

ਸੁਖਜਿੰਦਰ ਸਹੋਤਾ

ਫਰੀਦਕੋਟ, 26 ਅਕਤੂਬਰ 2025:

ਫਰੀਦਕੋਟ ਦੇ ਪਿੰਡ ਬਰਗਾੜੀ ‘ਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਸੋਗ ਵਿਚ ਡੁੱਬਾ ਦਿੱਤਾ। ਜਿੱਥੇ ਇੱਕ ਪਰਿਵਾਰ ਵਿਆਹ ਦੀਆਂ ਖੁਸ਼ੀਆਂ ਮਨਾਉਣ ਦੀ ਤਿਆਰੀ ਕਰ ਰਿਹਾ ਸੀ, ਉੱਥੇ ਹੀ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੀ ਅਚਾਨਕ ਮੌਤ ਨਾਲ ਰੋਣਕ ਮਾਤਮ ਵਿੱਚ ਬਦਲ ਗਈ।

ਜਾਣਕਾਰੀ ਅਨੁਸਾਰ, ਪੂਜਾ ਨਾਮ ਦੀ ਕੁੜੀ ਦਾ ਰਿਸ਼ਤਾ ਨੇੜਲੇ ਪਿੰਡ ਰਾਊਕੇ ਦੇ ਇੱਕ ਲੜਕੇ ਨਾਲ ਨਿਧਾਰਤ ਕੀਤਾ ਗਿਆ ਸੀ, ਜੋ ਕਿ ਦੁਬਈ ‘ਚ ਨੌਕਰੀ ਕਰਦਾ ਸੀ। ਦੋਹਾਂ ਪਰਿਵਾਰਾਂ ਵੱਲੋਂ ਮੰਗਣੀ ਵੀਡੀਓ ਕਾਲ ਰਾਹੀਂ ਹੋਈ ਸੀ ਅਤੇ ਵਿਆਹ ਦੀ ਤਾਰੀਖ਼ ਤੈਅ ਹੋਣ ਉੱਪਰ ਬਰਗਾੜੀ ਅਤੇ ਰਾਊਕੇ ਦੋਹਾਂ ਪਰਿਵਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਸਮੇਂ ਪੂਜਾ ਆਪਣੇ ਸਹੇਲੀਆਂ ਤੇ ਰਿਸ਼ਤੇਦਾਰਾਂ ਨਾਲ ਖੂਬ ਖੁਸ਼ ਸੀ।ਪਰ ਰਾਤ ਲੱਗਣ ਉਪਰੰਤ ਲਗਭਗ 2 ਵਜੇ ਦੇ ਕਰੀਬ, ਉਸਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਸਦੇ ਨੱਕ ਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਘਰ ਵਾਲੇ ਤੁਰੰਤ ਉਸਨੂੰ ਡਾਕਟਰ ਕੋਲ ਲੈ ਗਏ ਪਰ ਉਥੇ ਪਹੁੰਚਣ ਉੱਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੁੜੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

ਇਸ ਦੁਖਦਾਈ ਖ਼ਬਰ ਨਾਲ ਨਾ ਸਿਰਫ਼ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਮਿੱਟੀ ‘ਚ ਮਿਲ ਗਈਆਂ, ਸਗੋਂ ਪੂਰਾ ਪਿੰਡ ਸੋਗ ਵਿਚ ਡੁੱਬ ਗਿਆ। ਡੋਲੀ ਵਾਲੇ ਸੂਟ ਵਿਚ ਹੀ ਪੂਜਾ ਦੀ ਅਰਥੀ ਉੱਠੀ।ਮ੍ਰਿਤਕ ਕੁੜੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਕਿਹਾ ਕਿ ਦੋਹਾਂ ਪਰਿਵਾਰ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਸਾਰੇ ਰਸਮਾਂ ਦੀ ਤਿਆਰੀ ਹੋ ਚੁੱਕੀ ਸੀ ਪਰ ਬਦਕਿਸਮਤੀ ਨਾਲ ਬਰਾਤ ਆਉਣ ਤੋਂ ਇੱਕ ਰਾਤ ਪਹਿਲਾਂ ਹੀ ਦਿਲ ਦੇ ਦੌਰੇ ਨੇ ਸਭ ਕੁਝ ਉਲਟਾ ਕਰ ਦਿੱਤਾ।

Leave a Reply

Your email address will not be published. Required fields are marked *