ਵਾਰਿਸ ਪੰਜਾਬ  ਵਲੋਂ ਮਨਦੀਪ ਸਿੰਘ ਹੋਣਗੇ ਤਰਨਤਾਰਨ ਤੋਂ ਉਪ-ਚੋਣ ਲਈ ਉਮੀਦਵਾਰ

ਲਲਿਤ ਕੁਮਾਰ,

ਸ਼੍ਰੀ ਅੰਮ੍ਰਿਤਸਰ, 8 ਅਕਤੂਬਰ 2025:

ਵਾਰਿਸ ਪੰਜਾਬ ਦੇ ਮੁਖੀ ਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਾਂਸਦ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਅਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਤਰਨਤਾਰਨ ਉਪ-ਚੋਣ ਲਈ ਉਮੀਦਵਾਰ ਦਾ ਐਲਾਨ ਕੀਤਾ।ਇਸ ਮੌਕੇ ‘ਤੇ ਸਰਬਜੀਤ ਖਾਲਸਾ ਤੇ ਸੰਦੀਪ ਸਨੀ ਦਾ ਪਰਿਵਾਰ ਵੀ ਹਾਜ਼ਰ ਰਿਹਾ। ਤਰਸੇਮ ਸਿੰਘ ਨੇ ਦੱਸਿਆ ਕਿ ਉਪ-ਚੋਣ ਲਈ ਸੰਦੀਪ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਹ ਫੈਸਲਾ ਸਾਰੀਆਂ ਜਥੇਬੰਦੀਆਂ ਦੀਆ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਤੇ ਸੰਦੀਪ ਸਨੀ ਦੇ ਪਰਿਵਾਰ ਦੀ ਸਲਾਹ ਨਾਲ ਕੀਤਾ ਗਿਆ ਹੈ।ਤਰਸੇਮ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਚਾਹੁੰਦੇ ਸਨ ਕਿ ਸੰਦੀਪ ਸਿੰਘ ਦੀ ਪਤਨੀ ਚੋਣ ਲੜੇ, ਪਰ ਬਾਅਦ ਵਿਚ ਪਰਿਵਾਰ ਤੇ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਗਿਆ। ਉਹਨਾਂ ਨੇ ਸਾਫ਼ ਕੀਤਾ ਕਿ ਉਮੀਦਵਾਰ ਚੁਣਨ ਵਿੱਚ ਉਹਨਾਂ ਵੱਲੋਂ ਕੋਈ ਦਬਾਅ ਨਹੀਂ ਦਿੱਤਾ ਗਿਆ, ਸਗੋਂ ਇਹ ਪਰਿਵਾਰਕ ਫੈਸਲਾ ਹੈ।

ਸੰਦੀਪ ਸਿੰਘ ਸਨੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਇੱਛਾ ਸੀ ਕਿ ਸੰਦੀਪ ਸਿੰਘ ਉਪ-ਚੋਣ ਵਿੱਚ ਹਿੱਸਾ ਲਏ। ਕਿਉਂਕਿ ਉਹ ਜੇਲ੍ਹ ਵਿੱਚ ਹਨ, ਇਸ ਲਈ ਉਹਨਾਂ ਦੇ ਭਰਾ ਮਨਦੀਪ ਸਿੰਘ ਨੇ ਇਹ ਸੇਵਾ ਸੰਭਾਲੀ ਹੈ। ਪਰਿਵਾਰ ਪੂਰੀ ਤਰ੍ਹਾਂ ਉਸ ਦੇ ਨਾਲ ਖੜਾ ਹੈ ਅਤੇ ਚੋਣ ਪ੍ਰਚਾਰ ਵਿੱਚ ਸਰਗਰਮ ਹਿੱਸਾ ਲਵੇਗਾ।

ਨਵੇਂ ਉਮੀਦਵਾਰ ਮਨਦੀਪ ਸਿੰਘ ਨੇ ਕਿਹਾ ਕਿ ਕਈ ਸਿੱਖ ਜਥੇਬੰਦੀਆਂ ਵੱਲੋਂ ਉਸ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਹਨਾਂ ਦੀ ਅਪੀਲ ‘ਤੇ ਪਰਿਵਾਰ ਨੇ ਉਪ-ਚੋਣ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਚੋਣ ਸਿਰਫ਼ ਸਿਆਸੀ ਨਹੀਂ, ਸਿੱਖ ਜਨਤਾ ਦੀਆਂ ਭਾਵਨਾਵਾਂ ਨਾਲ ਜੁੜੀ ਹੈ ਅਤੇ ਉਹ ਲੋਕਾਂ ਦੇ ਭਰੋਸੇ ‘ਤੇ ਖਰੇ ਉਤਰਣ ਦੀ ਕੋਸ਼ਿਸ਼ ਕਰੇਗਾ।

 

ਤਰਸੇਮ ਸਿੰਘ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ ਚਿੰਤਾਜਨਕ ਹੈ ਅਤੇ ਤਰਨਤਾਰਨ ਦੀ ਉਪ-ਚੋਣ ਸੂਬੇ ਦੇ ਹਾਲਾਤ ਬਦਲਣ ਦਾ ਅਹਿਮ ਮੌਕਾ ਸਾਬਤ ਹੋ ਸਕਦੀ ਹੈ।

Leave a Reply

Your email address will not be published. Required fields are marked *