PM ਮੋਦੀ ਦੀ ਟਿੱਪਣੀ ‘ਤੇ ਜਸਬੀਰ ਜੱਸੀ ਦੀ ਪ੍ਰਤੀਕਿਰਿਆ, ਕਿਹਾ- ਬੱਚੇ ਗਾਲ੍ਹਾਂ ਗੀਤਾਂ ਅਤੇ OTT ਤੋਂ ਸਿੱਖ ਰਹੇ ਹਨ

PM ਮੋਦੀ ਦੀ ਟਿੱਪਣੀ ‘ਤੇ ਜਸਬੀਰ ਜੱਸੀ ਦੀ ਪ੍ਰਤੀਕਿਰਿਆ, ਕਿਹਾ- ਬੱਚੇ ਗਾਲ੍ਹਾਂ ਗੀਤਾਂ ਅਤੇ OTT ਤੋਂ ਸਿੱਖ ਰਹੇ ਹਨ

ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਹੋਣ ਤੋਂ ਬਾਅਦ ਸੰਬੰਧਤ ਲੜਕੀ ਨੇ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗ ਲਈ। ਹੁਣ ਇਸ ਪੂਰੇ ਵਿਵਾਦ ‘ਤੇ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਬਿਆਨ ਸਾਹਮਣੇ ਆਇਆ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਰੀ ਆਪਣੇ ਵੀਡੀਓ ਸੰਦੇਸ਼ ਵਿੱਚ ਕਾਕਰੋਚ ਜਨਤਾ ਪਾਰਟੀ (CJP) ਨਾਲ ਜੁੜੀ ਇੱਕ ਲੜਕੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦੀ ਸਖ਼ਤ ਨਿੰਦਾ ਕੀਤੀ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਹੋਣ ਤੋਂ ਬਾਅਦ ਸੰਬੰਧਤ ਲੜਕੀ ਨੇ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗ ਲਈ। ਹੁਣ ਇਸ ਪੂਰੇ ਵਿਵਾਦ ‘ਤੇ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਬਿਆਨ ਸਾਹਮਣੇ ਆਇਆ ਹੈ।

ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਸਨ ਕਿ ਅੱਜਕੱਲ੍ਹ ਬੱਚੇ ਬਹੁਤ ਗਾਲ੍ਹਾਂ ਕੱਢਦੇ ਹਨ, ਪਰ ਅਸਲ ਵਿੱਚ ਇਹ ਭਾਸ਼ਾ ਬੱਚਿਆਂ ਨੇ ਗੀਤਾਂ ਅਤੇ OTT ਪਲੇਟਫਾਰਮਾਂ ‘ਤੇ ਉਪਲਬਧ ਸਮੱਗਰੀ ਤੋਂ ਹੀ ਸਿੱਖੀ ਹੈ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ‘ਤੇ ਜਾਰੀ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਇਸ ਘਟਨਾ ਨੂੰ ਦੇਸ਼ ਹੀ ਨਹੀਂ, ਸਗੋਂ ਦੁਨੀਆ ਨੇ ਵੀ ਦੇਖਿਆ ਹੈ ਅਤੇ ਅਜਿਹੀ ਭਾਸ਼ਾ ਕਿਸੇ ਵੀ ਸਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਬੱਚਿਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਮਾਤਾ ਲਈ ਵੀ ਅਪਮਾਨਜਨਕ ਸ਼ਬਦ ਵਰਤੇ, ਪਰ ਉਹ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੌਜਵਾਨਾਂ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ‘ਤੇ ਚਿੰਤਾ ਵੀ ਪ੍ਰਗਟ ਕੀਤੀ।

‘ਚਾਹੋ ਤਾਂ 1000 ਗੀਤਾਂ ਦੀ ਸੂਚੀ ਭੇਜ ਸਕਦਾ ਹਾਂ’

ਜਸਬੀਰ ਜੱਸੀ ਨੇ ਆਪਣੇ ਬਿਆਨ ਵਿੱਚ OTT ਪਲੇਟਫਾਰਮਾਂ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਵਧ ਰਹੀ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੱਚੇ ਇਹੋ ਜਿਹੀ ਸਮੱਗਰੀ ਤੋਂ ਹੀ ਗਾਲ੍ਹਾਂ ਅਤੇ ਅਣਉਚਿਤ ਭਾਸ਼ਾ ਸਿੱਖ ਰਹੇ ਹਨ, ਇਸ ਲਈ ਇਸ ‘ਤੇ ਸਖ਼ਤ ਨਿਗਰਾਨੀ ਅਤੇ ਰੋਕ ਲਗਾਉਣ ਦੀ ਲੋੜ ਹੈ।

ਉਨ੍ਹਾਂ ਅੱਗੇ ਲਿਖਿਆ, “ਪ੍ਰਧਾਨ ਮੰਤਰੀ ਜੀ, ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅਜਿਹੇ 1000 ਗੀਤਾਂ ਦੀ ਸੂਚੀ ਭੇਜ ਸਕਦਾ ਹਾਂ। ਇਹ ਸਿਰਫ਼ ਇੱਕ ਸੱਭਿਆਚਾਰਕ ਝਟਕਾ (Cultural Shock) ਨਹੀਂ, ਸਗੋਂ ਸੱਭਿਆਚਾਰਕ ਅਪਰਾਧ (Cultural Crime) ਹੈ। ਇਸ ਨੂੰ ਬਹੁਤ ਪਹਿਲਾਂ ਰੋਕਿਆ ਜਾਣਾ ਚਾਹੀਦਾ ਸੀ, ਪਰ ਅਸੀਂ ਅਜੇ ਵੀ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਏ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *