ਵੀਡੀਓ ਵਿਵਾਦ ਵਿਚਾਲੇ CM ਮਾਨ ਦੀ ਅਕਾਲ ਤਖ਼ਤ ਸਾਹਿਬ ਪੇਸ਼ੀ ਮੁੜ ਚਰਚਾ ਵਿੱਚ, ਜਾਂਚ ਦੀ ਕੀਤੀ ਸੀ ਮੰਗ

ਵੀਡੀਓ ਵਿਵਾਦ ਵਿਚਾਲੇ CM ਮਾਨ ਦੀ ਅਕਾਲ ਤਖ਼ਤ ਸਾਹਿਬ ਪੇਸ਼ੀ ਮੁੜ ਚਰਚਾ ਵਿੱਚ, ਜਾਂਚ ਦੀ ਕੀਤੀ ਸੀ ਮੰਗ

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ 2026 ਨੂੰ ਆਪਣੇ ਨਾਲ ਜੁੜੇ ਵੱਖ-ਵੱਖ ਮਸਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵੀਡੀਓ ਵਿਵਾਦ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਇਸੇ ਦੌਰਾਨ 15 ਜਨਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਹੋਈ ਪੇਸ਼ੀ ਦਾ ਇੱਕ ਪੁਰਾਣਾ ਵੀਡੀਓ ਮੁੜ ਸੁਰਖੀਆਂ ਵਿੱਚ ਆ ਗਿਆ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ 2026 ਨੂੰ ਆਪਣੇ ਨਾਲ ਜੁੜੇ ਵੱਖ-ਵੱਖ ਮਸਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ। ਉਸ ਮੌਕੇ ਇਤਰਾਜ਼ਯੋਗ ਦੱਸੇ ਜਾ ਰਹੇ ਇੱਕ ਵੀਡੀਓ ਮਾਮਲੇ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਸ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ।

ਪੇਸ਼ੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਖੁਦ ਵੀ ਇਸ ਵੀਡੀਓ ਦੀ ਜਾਂਚ ਦੇ ਹੱਕ ਵਿੱਚ ਹਨ। ਉਨ੍ਹਾਂ ਦੱਸਿਆ ਸੀ ਕਿ ਉਹ ਜਾਂਚ ਲਈ ਫੋਰੈਂਸਿਕ ਲੈਬਾਂ ਦੇ ਨਾਮ ਵੀ ਦੇ ਸਕਦੇ ਹਨ ਅਤੇ ਮੌਜੂਦਾ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਕਿਸੇ ਦੀ ਵੀ ਵੀਡੀਓ ਤਿਆਰ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅਜਿਹੀਆਂ AI ਆਧਾਰਿਤ ਵੀਡੀਓਜ਼ ਦੇ ਮਾਮਲੇ ਹੋਰ ਲੋਕਾਂ ਨਾਲ ਵੀ ਸਾਹਮਣੇ ਆ ਚੁੱਕੇ ਹਨ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਪੱਧਰ ‘ਤੇ ਵੀ ਵੀਡੀਓ ਦੇ ਤੱਥਾਂ ਬਾਰੇ ਸਪੱਸ਼ਟੀਕਰਨ ਦੇ ਸਕਦੇ ਹਨ, ਪਰ ਫਿਰ ਵੀ ਪੂਰੀ ਪਾਰਦਰਸ਼ਤਾ ਲਈ ਜਾਂਚ ਕਰਵਾਉਣ ਦੇ ਪੱਖ ਵਿੱਚ ਹਨ।

ਉਸ ਸਮੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਸਰਕਾਰ ਦੀਆਂ ਦੋ ਅਜਿਹੀਆਂ ਫੋਰੈਂਸਿਕ ਲੈਬਾਂ ਬਾਰੇ ਦੱਸਣ ਲਈ ਕਿਹਾ ਸੀ, ਜਿੱਥੇ ਇਸ ਵੀਡੀਓ ਦੀ ਨਿਰਪੱਖ ਜਾਂਚ ਕਰਵਾਈ ਜਾ ਸਕੇ। ਇਸ ‘ਤੇ ਮੁੱਖ ਮੰਤਰੀ ਨੇ ਜਾਂਚ ਲਈ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਸੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਸ ਵੇਲੇ ਕਿਹਾ ਸੀ ਕਿ ਇਹ ਮਾਮਲਾ ਗੁਰੂ ਸਾਹਿਬਾਨ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਦੀ ਗੰਭੀਰਤਾ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਵੀਡੀਓ ਗਲਤ ਸਾਬਤ ਹੁੰਦੀ ਹੈ ਤਾਂ ਕਿਸੇ ਦੀ ਬੇਵਜ੍ਹਾ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਜਦਕਿ ਇਸ ਦੀ ਅਸਲੀਅਤ ਦਾ ਫੈਸਲਾ ਸਿਰਫ਼ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਹੋ ਸਕੇਗਾ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *