ਡਾਕ ਵਿਭਾਗ ਫ਼ਰੀਦਕੋਟ ਵੱਲੋਂ ਵਰਲਡ ਪੋਸਟ ਡੇ ਅਤੇ ਨੈਸ਼ਨਲ ਪੋਸਟਲ ਹਫ਼ਤਾ ਮਨਾਇਆ ਗਿਆ

ਸੁਖਜਿੰਦਰ ਸਹੋਤਾ

ਫ਼ਰੀਦਕੋਟ, 10 ਅਕਤੂਬਰ 2025:

ਡਾਕ ਵਿਭਾਗ ਫ਼ਰੀਦਕੋਟ ਡਵੀਜ਼ਨ ਦੇ ਸੁਪਰਡੈਂਟ ਸ਼੍ਰੀ ਸਤਿੰਦਰ ਸਿੰਘ ਲਹਿਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕ ਵਿਭਾਗ ਵੱਲੋਂ ਇਸ ਹਫ਼ਤੇ ਵਰਲਡ ਪੋਸਟ ਡੇ ਅਤੇ ਨੈਸ਼ਨਲ ਪੋਸਟਲ ਹਫ਼ਤਾ 2025 ਉਤਸ਼ਾਹਪੂਰਵਕ ਮਨਾਇਆ ਗਿਆ।

ਇਸ ਮੌਕੇ 6 ਅਕਤੂਬਰ ਨੂੰ ਟੈਕਨੋਲੋਜੀ ਡੇ ਦੇ ਤੌਰ ‘ਤੇ ਮਨਾਇਆ ਗਿਆ ਜਿਸ ਦੌਰਾਨ ਆਈ.ਟੀ. 2.0 ਦੇ ਫ਼ਾਇਦੇ ਸਟਾਫ਼ ਅਤੇ ਗ੍ਰਾਹਕਾਂ ਨਾਲ ਸਾਂਝੇ ਕੀਤੇ ਗਏ। 7 ਅਕਤੂਬਰ ਨੂੰ ਸੁਕਨਿਆ ਸਮਰਿੱਧੀ ਯੋਜਨਾ, ਆਰ.ਪੀ.ਐਲ.ਆਈ. ਅਤੇ ਪੀ.ਐਲ.ਆਈ. ਸਕੀਮਾਂ ਬਾਰੇ ਗ੍ਰਾਹਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

8 ਅਕਤੂਬਰ ਨੂੰ ਫਿਲਟਲੀ ਸਕੀਮ ਸੰਬੰਧੀ ਸਕੂਲਾਂ ਵਿੱਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਆਧਾਰ ਅਪਡੇਟ ਸੇਵਾ ਬਾਰੇ ਵੀ ਲੋਕਾਂ ਨੂੰ ਦੱਸਿਆ ਗਿਆ। 9 ਅਕਤੂਬਰ ਨੂੰ ਵਰਲਡ ਪੋਸਟ ਡੇ ਦੇ ਮੌਕੇ ਫ਼ਰੀਦਕੋਟ ਡਵੀਜ਼ਨ ਦੇ ਸਾਰੇ ਡਾਕ ਘਰਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ ਅਤੇ ਪੋਸਟ ਥੌਨ ਆਯੋਜਿਤ ਕੀਤਾ ਗਿਆ।

10 ਅਕਤੂਬਰ ਨੂੰ ਕਸਟਮਰ ਡੇ ਦੇ ਤੌਰ ‘ਤੇ ਮਨਾਉਂਦੇ ਹੋਏ ਵੱਖ-ਵੱਖ ਥਾਵਾਂ ‘ਤੇ ਨੁੱਕੜ ਨਾਟਕ ਕਰਵਾਏ ਗਏ, ਜਿਨ੍ਹਾਂ ਰਾਹੀਂ ਪੇਂਡੂ ਅਤੇ ਦੂਰ-ਦਰਾਜ਼ ਇਲਾਕਿਆਂ ਦੇ ਲੋਕਾਂ ਨੂੰ ਜਨਤਕ ਸੁਰੱਖਿਆ ਸਕੀਮਾਂ, ਅਧਾਰ ਯੋਗ ਭੁਗਤਾਨ ਪ੍ਰਣਾਲੀ, ਸਮਾਜਿਕ ਸੁਰੱਖਿਆ ਪੈਨਸ਼ਨ, ਸਿੱਧੇ ਲਾਭਾਂ ਅਤੇ ਹੋਰ ਡਾਕ ਸੇਵਾਵਾਂ ਜਿਵੇਂ ਕਿ ਤਬਾਦਲਾ ਆਦਿ ਬਾਰੇ ਜਾਗਰੂਕ ਕੀਤਾ ਗਿਆ।

ਇਸ ਹਫ਼ਤੇ ਦੌਰਾਨ ਵਿਭਾਗ ਵੱਲੋਂ ਲੋਕਾਂ ਨੂੰ ਡਾਕ ਸੇਵਾਵਾਂ ਨਾਲ਼ ਜੋੜਨ ਅਤੇ ਨਵੀਂ ਤਕਨਾਲੋਜੀ ਦੇ ਫ਼ਾਇਦੇ ਹਰ ਘਰ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਗਿਆ।

Leave a Reply

Your email address will not be published. Required fields are marked *