ਲਲਿਤ ਕੁਮਾਰ
ਅੰਮ੍ਰਿਤਸਰ 9 ਨਵੰਬਰ 2025:
ਹਰਿਆਣਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਵਾਲੇ ਗਿਰੋਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਮੀਗ੍ਰੇਸ਼ਨ ਦਫ਼ਤਰਾਂ ‘ਤੇ ਛਾਪੇਮਾਰੀ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।ਪੁਲਿਸ ਅਨੁਸਾਰ, ਗਿਰੋਹ ਦਾ ਮਾਸਟਰਮਾਈਂਡ ਸਾਹਿਲ ਨਾਂ ਦਾ ਵਿਅਕਤੀ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਹਿਲ ਕਈ ਨਾਂ ਨਾਲ ਠੱਗੀ ਕਰਦਾ ਸੀ ਅਤੇ ਉਸਦੇ ਤਿੰਨ ਪਾਸਪੋਰਟ ਵੱਖ-ਵੱਖ ਨਾਂ ‘ਤੇ ਬਣੇ ਹੋਏ ਹਨ। ਉਸਦੇ ਖ਼ਿਲਾਫ਼ ਜਲੰਧਰ, ਅੰਮ੍ਰਿਤਸਰ ਅਤੇ ਜੀਰਕਪੁਰ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।ਜਾਂਚ ਦੌਰਾਨ ਪਤਾ ਲੱਗਾ ਕਿ ਸ਼ਿਵਚਰਨ ਨਾਂ ਦੇ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਤੋਂ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 14 ਲੱਖ ਰੁਪਏ ਲਏ ਗਏ, ਪਰ ਕਦੇ ਭੇਜਿਆ ਨਹੀਂ ਗਿਆ।
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਮੀਗ੍ਰੇਸ਼ਨ ਦਫ਼ਤਰ ਚਲਾਉਣ ਵਾਲਾ ਪ੍ਰਦੀਪ ਨਾਂ ਦਾ ਵਿਅਕਤੀ ਜਲੰਧਰ ਵਿੱਚ ਰਹਿ ਰਿਹਾ ਸੀ, ਜਿਸ ‘ਤੇ ਲਗਭਗ ਛੇ ਐਫਆਈਆਰਾਂ ਦਰਜ ਹਨ। ਉਸਦੀ ਭਾਲ ਜਾਰੀ ਹੈ।ਏਐਸਆਈ ਦੀਪਕ ਕੁਮਾਰ ਨੇ ਦੱਸਿਆ ਕਿ ਕਾਰਵਾਈ ਦੌਰਾਨ 874 ਗ੍ਰਾਮ ਸੋਨਾ ਅਤੇ 26 ਲੱਖ 50 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਕਿਹਾ ਕਿ ਪੁੱਛਗਿੱਛ ਵਿੱਚ ਹੋਰ ਸਾਥੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।ਸਾਹਿਲ ‘ਤੇ ਯਮੁਨਾਨਗਰ ਵਿੱਚ 13, ਜਲੰਧਰ ਵਿੱਚ 6 ਅਤੇ ਫਿਰੋਜ਼ਪੁਰ ਵਿੱਚ 2 ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਅੰਤਰਰਾਜੀ ਠੱਗੀ ਰੈਕੇਟ ਚਲਾ ਰਿਹਾ ਸੀ ਜੋ ਕਈ ਸੂਬਿਆਂ ਵਿੱਚ ਸਰਗਰਮ ਸੀ।
ਹਰਿਆਣਾ ਪੁਲਿਸ ਨੇ ਜਨਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ ਭੇਜਣ ਲਈ ਕੇਵਲ ਰਜਿਸਟ੍ਰਡ ਅਤੇ ਸਰਕਾਰੀ ਮਨਜ਼ੂਰਸ਼ੁਦਾ ਏਜੰਸੀਜ਼ ਨਾਲ ਹੀ ਸੰਪਰਕ ਕੀਤਾ ਜਾਵੇ, ਤਾਂ ਜੋ ਠੱਗੀ ਤੋਂ ਬਚਿਆ ਜਾ ਸਕੇ।
