ਸਤਪਾਲ ਸ਼ਰਮਾਂ
ਚੰਡੀਗੜ੍ਹ 20 ਨਵੰਬਰ 2025:
ਤਰਨਤਾਰਨ ਹਲਕੇ ਤੋਂ ਹਾਲ ਹੀ ਹੋਈ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕਰਨ ਵਾਲੇ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਵਿਧਾਨ ਸਭਾ ‘ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਤੋਂ ਸਹੁੰ ਚੁਕਾਈ। ਸਹੁੰ ਸਮਾਰੋਹ ਮਗਰੋਂ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਤੇ ਤਰਨਤਾਰਨ ‘ਚ ਵਿਕਾਸ ਮੁੱਦਿਆਂ ‘ਤੇ ਚਰਚਾ ਕੀਤੀ।
ਹਰਮੀਤ ਸਿੰਘ ਸੰਧੂ ਪਹਿਲਾਂ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤਜਰਬੇ ਕਾਰਨ ਹੁਣ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਬਣ ਗਏ ਹਨ। ਸਪੀਕਰ ਸੰਧਵਾਂ ਨੇ ਕਿਹਾ ਕਿ ਸੰਧੂ ਦੇ ਤਜ਼ਰਬੇ ਦਾ ਲਾਭ ਸੂਬੇ ਦੀ ਸਿਆਸਤ ਅਤੇ ਵਿਧਾਨ ਸਭਾ ਨੂੰ ਮਿਲੇਗਾ।ਮੀਡੀਆ ਨਾਲ ਗੱਲਬਾਤ ਦੌਰਾਨ ਹਰਮੀਤ ਸੰਧੂ ਨੇ ਸੱਚੇ ਪਾਤਸ਼ਾਹ ਅਤੇ ਤਰਨਤਾਰਨ ਦੇ ਲੋਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਅੰਦਰ ਹੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਵੇਗੀ। ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਸੀਐਮ ਮਾਨ ਨਾਲ ਖਾਸ ਤੌਰ ‘ਤੇ ਨੌਜਵਾਨਾਂ ਲਈ ਸਿੱਖਿਆ ‘ਤੇ ਵੀ ਗੱਲ ਕੀਤੀ ਹੈ ਅਤੇ ਤਰਨਤਾਰਨ ‘ਚ ਲੜਕੀਆਂ ਲਈ ਕਾਲਜ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਨਸ਼ੇ ਤੇ ਗੈਂਗਸਟਰਵਾਦ ਦੇ ਮੁੱਦੇ ‘ਤੇ ਸੰਧੂ ਨੇ ਕਿਹਾ ਕਿ ਸਰਕਾਰ ਇਸ ਖਿਲਾਫ਼ ਦ੍ਰਿੜਤਾ ਨਾਲ ਕਾਰਵਾਈ ਕਰ ਰਹੀ ਹੈ ਅਤੇ ਮਾਝੇ ਦੇ ਲੋਕ ਇਸ ਜੰਗ ‘ਚ ਪੂਰਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਡਰ ਦੇ ਮਾਹੌਲ ਨੂੰ ਤੋੜ ਕੇ ਲੋਕਤੰਤਰ ‘ਤੇ ਵਿਸ਼ਵਾਸ ਜਤਾਇਆ ਹੈ।
