ਗੌਰਵ ਬਾਸੀ
ਜਲੰਧਰ, 27 ਅਕਤੂਬਰ 2025:
ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਐਤਵਾਰ ਦੁਪਹਿਰ ਜਲੰਧਰ ਦੇ ਇਕ ਹੋਟਲ ਵਿਚ ਪਹੁੰਚੀ, ਜਿੱਥੇ ਉਹਨਾਂ ਨੇ ਆਪਣੇ ਫੈਨਜ਼ ਨਾਲ ਮੁਲਾਕਾਤ ਕੀਤੀ ਤੇ ਆਟੋਗ੍ਰਾਫ ਦਿੱਤੇ। ਇਸ ਦੌਰਾਨ ਸ਼ਹਿਨਾਜ਼ ਨੇ 31 ਅਕਤੂਬਰ ਨੂੰ ਰੀਲੀਜ਼ ਹੋਣ ਜਾ ਰਹੀ ਆਪਣੀ ਨਵੀਂ ਫਿਲਮ ‘ਇੱਕ ਕੁੜੀ’ ਬਾਰੇ ਗੱਲ ਕੀਤੀ। ਨਾਲ ਹੀ ਉਹਨਾਂ ਨੇ ਆਪਣੇ ਭਰਾ ਸ਼ਹਵਾਜ਼ ਲਈ, ਜੋ ਇਸ ਸਮੇਂ ਬਿਗ ਬਾਸ ਵਿਚ ਹਿੱਸਾ ਲੈ ਰਹੇ ਹਨ, ਫੈਨਜ਼ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਫੈਨਜ਼ ਨੇ ਸ਼ਹਿਨਾਜ਼ ਨੂੰ ਦਿੱਤੇ ਹੱਥ ਨਾਲ ਬਣਾਏ ਸਕੈਚ।
ਹੋਟਲ ਵਿਚ ਪਹੁੰਚੀ ਸ਼ਹਿਨਾਜ਼ ਗਿੱਲ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਫੈਨਜ਼ ਇਕੱਠੇ ਹੋਏ। ਕਈ ਫੈਨਜ਼ ਨੇ ਉਹਨਾਂ ਨੂੰ ਪੈਨਸਿਲ ਨਾਲ ਬਣਾਏ ਉਹਨਾਂ ਦੇ ਸਕੈਚ ਭੇਟ ਕੀਤੇ ਤੇ ਉਨ੍ਹਾਂ ’ਤੇ ਆਟੋਗ੍ਰਾਫ ਮੰਗੇ। ਇਕ ਫੈਨ ਨੇ ਸ਼ਹਿਨਾਜ਼ ਨੂੰ ਉਹਨਾਂ ਦੇ ਦੋ ਸਕੈਚ ਦਿੱਤੇ ਤਾਂ ਸ਼ਹਿਨਾਜ਼ ਮੁਸਕਰਾ ਕੇ ਕਿਹਾ — “ਇਕ ਹੀ ਮੇਰੇ ਦਿਲ ਨੂੰ ਪਸੰਦ ਆਇਆ ਹੈ, ਮੈਂ ਇਹ ਆਪਣੇ ਕੋਲ ਰੱਖ ਲੈਂਦੀ ਹਾਂ।”

ਲਵਲੀ ਯੂਨੀਵਰਸਿਟੀ ਵਿੱਚ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ।
ਸ਼ਹਿਨਾਜ਼ ਗਿੱਲ ਸ਼ਨੀਵਾਰ ਨੂੰ ਜਲੰਧਰ ਆਉਣ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੀ ਗਈ। ਉਹ ਇਸ ਯੂਨੀਵਰਸਿਟੀ ਦੀ ਐਲੁਮਨੀ ਹੈਂ। ਇੱਥੇ ਉਹਨਾਂ ਨੇ ਪੜ੍ਹਾਈ ਦੇ ਦੌਰਾਨ ਬਿਤਾਏ ਆਪਣੇ ਸੁਹਾਣੇ ਪਲ ਯਾਦ ਕੀਤੇ ਤੇ ਪੁਰਾਣੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਸ਼ਹਿਨਾਜ਼ ਨੇ ਕਿਹਾ ਕਿ ਜਲੰਧਰ ਆ ਕੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਅਤੇ ਯੂਨੀਵਰਸਿਟੀ ਦਾ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸੁਨਿਹਰਾ ਪੜਾਅ ਰਿਹਾ ਹੈ।
ਈਸਟਬੁੱਡ ਵਿਲੇਜ ਵਿਚ ਕੀਤੀ ਫੈਨਜ਼ ਨਾਲ ਮੁਲਾਕਾਤ
ਸ਼ਨੀਵਾਰ ਰਾਤ ਸ਼ਹਿਨਾਜ਼ ਗਿੱਲ ਜਲੰਧਰ-ਫਗਵਾੜਾ ਰੋਡ ਸਥਿਤ ਈਸਟਬੁੱਡ ਵਿਲੇਜ ਪਹੁੰਚੀ, ਜਿੱਥੇ ਉਹਨਾਂ ਨੇ ਫੈਨਜ਼ ਨੂੰ ਆਪਣੀ ਨਵੀਂ ਫਿਲਮ ‘ਇੱਕ ਕੁੜੀ’ ਦੇਖਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨੇ ਫਿਲਮ ਦੇ ਗੀਤਾਂ ’ਤੇ ਠੁਮਕੇ ਲਗਾਏ ਤੇ ਫੈਨਜ਼ ਨਾਲ ਸੈਲਫੀਆਂ ਖਿੱਚਵਾਈਆਂ।
