Sukhjinder Sahota
ਕੋਟਕਪੂਰਾ, 24 ਅਕਤੂਬਰ 2025:
ਵਾਤਾਵਰਨ ਦੀ ਸੰਭਾਲ ਲਈ ਕਾਰਜਸ਼ੀਲ ਗੁੱਡ ਮੋਰਨਿੰਗ ਕਲੱਬ ਕੋਟਕਪੂਰਾ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਵੱਖ ਵੱਖ ਪ੍ਰਕਾਰ ਦੇ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਸਰਕਾਰੀ ਬਹੁ ਤਕਨੀਕੀ ਕਾਲਜ ਕੋਟਕਪੂਰਾ ਵਿਖੇ ਵੱਖ ਵੱਖ ਕਿਸਮ ਦੇ ਛਾਂਦਾਰ, ਫਲਦਾਰ ਤੇ ਵਿਰਾਸਥੀ ਬੂਟੇ ਲਗਾਏ ਗਏ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਾਰੇ ਵਰਗਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਲੱਬ ਦੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਅੱਜ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖਤਰੇ ’ਚ ਪੈ ਸਕਦਾ ਹੈ। ਇਸ ਮੌਕੇ ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਸਮੇਤ ਬੂਟਾ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਉਹ ਖੁਦ ਕੁਦਰਤ ਪ੍ਰੇਮੀ ਹਨ ਅਤੇ ਕੁਦਰਤ ਨਾਲ ਖਿਲਵਾੜ ਦੇ ਵਿਰੋਧੀ ਹਨ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਤੇ ਰਾਜ ਸਰਕਾਰ ਨੇ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਪੱਧਰ ਤੇ ਕਾਰਜ ਕੀਤੇ ਹਨ ਜਿਸ ਤਹਿਤ ਜਿੱਥੇ ਵੱਡੀ ਪੱਧਰ ਤੇ ਰਾਜ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਤੇ ਲੋਕਾਂ ਨੂੰ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵੀ ਵੱਡੀ ਪੱਧਰ ਤੇ ਸਬਸਿਡੀ ਤੇ ਮਸ਼ੀਨਰੀ ਵੀ ਮੁਹੱਈਆ ਕਰਵਾਈ ਗਈ ਹੈ ਤੇ ਇਸ ਵਾਰ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ 75 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ। ਉਪਰੰਤ ਉਨ੍ਹਾਂ ਇਸ ਗੱਲ ਤੇ ਹੈਰਾਨੀ ਤੇ ਹੈਰਾਨੀ ਪ੍ਰਗਟਾਈ ਕੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਿੱਲੀ ਸਰਕਾਰ ਪ੍ਰਦੂਸ਼ਣ ਕੰਟਰੋਲ ਕਰਨ ਦੀ ਬਜਾਏ ਦਿੱਲੀ ਵਿੱਚ ਪ੍ਰਦੂਸ਼ਣ ਵੱਧਣ ਦਾ ਕਾਰਨ ਪੰਜਾਬ ਦੀ ਪਰਾਲੀ ਨੂੰ ਦੱਸ ਰਹੀ ਹੈ, ਜੋ ਕਿ ਕੋਰੇ ਝੂਠ ਤੋਂ ਸਿਵਾਏ ਕੁਛ ਵੀ ਨਹੀਂ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਤੇ ਇਸ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ।

ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਕਾਲਜ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ 27 ਜੁਲਾਈ ਨੂੰ ਵੀ ਕਲੱਬ ਵੱਲੋਂ ਇੱਥੇ 100 ਬੂਟੇ ਲਾਏ ਗਏ ਸਨ, ਜੋ ਹੁਣ ਤਿੰਨ ਤੋਂ ਚਾਰ ਫੁੱਟ ਉੱਚੇ ਹੋ ਚੁੱਕੇ ਹਨ। ਸਟਾਫ ਵੱਲੋਂ ਉਨ੍ਹਾਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ, ਅਤੇ ਅੱਜ ਲਾਏ ਗਏ ਬੂਟਿਆਂ ਦੀ ਵੀ ਵਿਸ਼ੇਸ਼ ਦੇਖਭਾਲ ਕੀਤੀ ਜਾਵੇਗੀ।
ਇਸ ਮੌਕੇ ਪ੍ਰੋਜੈਕਟ ਇੰਚਾਰਜ ਲੈਕਚਰਰ ਵਿਨੋਦ ਧਵਨ ਡਾ. ਐਸ.ਐਸ. ਬਰਾੜ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ,ਐਨ.ਆਰ.ਆਈ ਵਿੰਗ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ, ਸੰਜੀਵ ਰਾਏ, ਮਿੰਟਾ ਸ਼ਰਮਾ, ਜਸਕਰਨ ਸਿੰਘ ਭੱਟੀ, ਓਮ ਪ੍ਰਕਾਸ਼ ਗੁਪਤਾ, ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਪਰਮਜੀਤ ਸਿੰਘ ਪੰਮਾ ਮੱਕੜ, ਗੁਰਮੀਤ ਸਿੰਘ ਮੀਤਾ, ਸਰਨ ਕੁਮਾਰ ਆਦਿ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਅਤੇ ਕਾਲਜ ਦਾ ਸਮੂਹ ਸਟਾਫ ਮੌਜੂਦ ਸੀ।
