ਦਿਵਾਲੀ ਤੋਂ ਪਹਿਲਾਂ ਵੱਡੀ ਕਾਰਵਾਈ
News99punjab
ਲੁਧਿਆਣਾ 18 ਅਕਤੂਬਰ 2025:
ਦਿਵਾਲੀ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਕਿਸਾਨ ਕੋਲਡ ਸਟੋਰ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਨੂੰ ਵੱਡੀ ਮਾਤਰਾ ਵਿੱਚ ਖੋਇਆ, ਰਸਗੁੱਲੇ ਅਤੇ ਹੋਰ ਫੂਡ ਪ੍ਰੋਡਕਟ ਮਿਲੇ, ਜਿਨ੍ਹਾਂ ਵਿੱਚੋਂ ਕੁਝ ਸਿਹਤ ਲਈ ਹਾਨੀਕਾਰਕ ਪਾਏ ਗਏ।
ਸਿਹਤ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਖਰਾਬ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਅਤੇ ਬਾਕੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ।ਫੂਡ ਸੇਫਟੀ ਅਫਸਰ ਯੋਗੇਸ਼ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਕੋਲਡ ਸਟੋਰ ਵਿੱਚ ਵੱਡੀ ਮਾਤਰਾ ਵਿਚ ਮਿਠਿਆਈਆਂ ਸਟੋਰ ਕੀਤੀਆਂ ਜਾ ਰਹੀਆਂ ਹਨ।
ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ‘ਚ ਕਈ ਕਿਸਮਾਂ ਦੀਆਂ ਮਿਠਾਈਆਂ ਮਿਲੀਆਂ ਜਿਨ੍ਹਾਂ ਦੀ ਗੁਣਵੱਤਾ ਸੰਦੇਹਜਨਕ ਲੱਗੀ। ਉਹਨਾਂ ਕਿਹਾ ਕਿ ਸਿਹਤ ਲਈ ਹਾਨੀਕਾਰਕ ਮਿਠਿਆਈਆਂ ਨੂੰ ਸਥਾਨ ‘ਤੇ ਹੀ ਨਸ਼ਟ ਕੀਤਾ ਗਿਆ ਹੈ ਅਤੇ ਸਾਰੇ ਮਾਮਲੇ ਦੀ ਲੈਬ ਜਾਂਚ ਰਾਹੀਂ ਅਗੇਰੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਵਿਭਾਗ ਵੱਲੋਂ ਦਿਵਾਲੀ ਦੇ ਮੌਕੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਮਾਰਕਿਟ ‘ਚੋਂ ਮਿਠਿਆਈ ਖਰੀਦਦਿਆਂ ਗੁਣਵੱਤਾ ਅਤੇ ਤਾਜਗੀ ਦੀ ਖ਼ਾਸ ਤੌਰ ‘ਤੇ ਜਾਂਚ ਕਰਨ ਤੇ ਹੀ ਖਰੀਦਾਰੀ ਕਰਨ।
