ਲਲਿਤ ਕੁਮਾਰ
ਅਜਨਾਲਾ 05 ਦਸੰਬਰ 2025:
ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਮਦਾਸ ਸ਼ਹਿਰ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਰਮਦਾਸ ਅਤੇ ਇਸ ਨਾਲ ਜੁੜੇ ਪਿੰਡਾਂ ਵਿੱਚ ਬਹੁਤ ਪਾਣੀ ਆ ਗਿਆ ਸੀ, ਜਿਸ ਨਾਲ ਗਰੀਬ ਲੋਕਾਂ ਦੇ ਦਰਜਨਾਂ ਘਰ ਖਰਾਬ ਹੋ ਗਏ ਸਨ।
ਇਸ ਕਠਿਨ ਸਮੇਂ ਵਿੱਚ ਸਰਕਾਰ ਵੱਲੋਂ ਕੀਤੀ ਗਈ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਅੱਜ 68 ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਦੇ ਸੈਕਸ਼ਨ ਲੈਟਰ ਵੰਡੇ ਗਏ, ਜੋ ਕੁੱਲ ਮਿਲਾ ਕੇ 1 ਕਰੋੜ 70 ਲੱਖ ਰੁਪਏ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਕਮ ਪੀੜਤ ਪਰਿਵਾਰਾਂ ਦੇ ਘਰਾਂ ਦੀ ਮੁਰੰਮਤ ਅਤੇ ਮੁੜ-ਨਿਰਮਾਣ ਲਈ ਹੈ, ਤਾਂ ਜੋ ਉਹ ਜਲਦੀ ਆਪਣਾ ਘਰ ਠੀਕ ਕਰ ਸਕਣ।
ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਸੀ ਕਿ ਘਰਾਂ, ਫਸਲਾਂ ਅਤੇ ਮਾਲ-ਡੰਗਰ ਦਾ ਹਰ ਕਿਸਮ ਦਾ ਮੁਆਵਜ਼ਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ, ਅਤੇ ਅੱਜ ਉਹ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੌਰੇ ਦੌਰਾਨ ਵੀ ਮੁੱਖ ਮੰਤਰੀ ਵੱਲੋਂ ਲਗਭਗ 700 ਲੋਕਾਂ ਨੂੰ ਚੈੱਕ ਵੰਡੇ ਗਏ ਸਨ।
ਧਾਲੀਵਾਲ ਨੇ ਭਰੋਸਾ ਦਵਾਇਆ ਕਿ ਜੇ ਕਿਸੇ ਦਾ ਮੁਆਵਜ਼ਾ ਰਹਿ ਗਿਆ ਹੈ, ਤਾਂ ਉਹ ਅਜਨਾਲਾ ਦੇ ਐਸ.ਡੀ.ਐਮ ਦਫ਼ਤਰ ਵਿੱਚ ਅਰਜ਼ੀ ਪਾ ਸਕਦਾ ਹੈ। ਹਰ ਹੱਕਦਾਰ ਨੂੰ ਚੈੱਕ ਮਿਲੇਗਾ ਅਤੇ ਕਿਸੇ ਨਾਲ ਵੀ ਨਿਆਂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਣੀ ਪ੍ਰਕਿਰਿਆ ਕਾਰਨ ਕੁਝ ਕੰਮਾਂ ਵਿੱਚ ਹਲਕੀ ਦੇਰੀ ਹੋਈ ਸੀ, ਪਰ ਹੁਣ ਸਾਰੇ ਬਾਕੀ ਮੁਆਵਜ਼ੇ ਵੀ ਜਲਦੀ ਜਾਰੀ ਕਰ ਦਿੱਤੇ ਜਾਣਗੇ।
ਰਮਦਾਸ ਸ਼ਹਿਰ ਵਿੱਚ ਲੋਕਾਂ ਨੇ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਹੜ੍ਹਾਂ ਤੋਂ ਬਾਅਦ ਬੇਮਿਸਾਲ ਸਹਾਇਤਾ ਕੀਤੀ ਹੈ। ਲਗਭਗ 90% ਮੁਆਵਜ਼ਾ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ, ਜਦਕਿ ਕੁਝ ਕੇਸ ਕਲੈਰੀਕਲ ਕਾਰਨਾਂ ਕਰਕੇ ਲਟਕੇ ਹੋਏ ਹਨ, ਜੋ ਜਲਦੀ ਕਲੀਅਰ ਕਰ ਦਿੱਤੇ ਜਾਣਗੇ।
ਇਸ ਰਾਹਤ ਨਾਲ ਹੜ੍ਹ ਪੀੜਤਾਂ ਨੂੰ ਵੱਡਾ ਸਹਾਰਾ ਮਿਲਿਆ ਹੈ ਤੇ ਲੋਕਾਂ ਵਿੱਚ ਰਾਹਤ ਦੀ ਲਹਿਰ ਹੈ।
