ਮੌਜੂਦਾ ਹਕੂਮਤ ਨੇ ਲੋਕਤੰਤਰ ਨੂੰ ਮਜ਼ਾਕ ਬਣਾਕੇ ਰੱਖ ਦਿੱਤਾ ਹੈ-ਬਾਦਲ

ਲਲਿਤ ਕੁਮਾਰ,

ਅੰਮ੍ਰਿਤਸਰ 25 ਅਕਤੂਬਰ 2025:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅੱਜ ਅਜਨਾਲੇ ਹਲਕੇ ਵਿੱਚ ਹੜ੍ਹ ਪੀੜਤਾਂ ਨਾਲ ਮਿਲਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਜਨਾਲੇ ਹਲਕੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਖ਼ਾਸਕਰ ਸਮਰਾਲਾ ਸਾਹਿਬ ਇਲਾਕੇ ਦਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਕਰੀਬਨ 4 ਹਜ਼ਾਰ ਕਵਿੰਟਲ ਬੀਜ, ਜਿਸ ਦੀ ਕੀਮਤ 1 ਕਰੋੜ 60 ਲੱਖ ਰੁਪਏ ਹੈ, ਅੱਜ ਤੋਂ ਪਿੰਡ ਪਿੰਡ ਜਾ ਕੇ ਵੰਡਿਆ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 50 ਹਜ਼ਾਰ ਗਰੀਬ ਪਰਿਵਾਰਾਂ, ਜਿਨ੍ਹਾਂ ਦੀ ਰੋਜ਼ੀ-ਰੋਟੀ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਹੈ, ਨੂੰ ਕਣਕ ਦੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ 15 ਨਵੰਬਰ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ ਅਤੇ ਅਗਲੇ 15 ਦਿਨਾਂ ਵਿੱਚ ਬੀਜ ਦੀ ਪੂਰੀ ਵੰਡ ਪੂਰੀ ਕਰ ਲਈ ਜਾਵੇਗੀ।

ਇਸ ਦੌਰਾਨ ਬਾਦਲ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਹਾਲਾਂਕਿ ਸਰਕਾਰ ਨੇ ਵਾਅਦੇ ਕੀਤੇ ਸਨ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ, ਪਰ ਅਜੇ ਤੱਕ ਕੋਈ ਸਹਾਇਤਾ ਮੈਦਾਨ ਵਿੱਚ ਨਹੀਂ ਉਤਰੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ, ਅਫ਼ਸਰਾਂ ਨੂੰ ਚੋਣੀ ਮਕਸਦ ਲਈ ਤਾਇਨਾਤ ਕਰ ਰਹੇ ਹੋ, ਅਤੇ ਸਾਡੇ ਸਰਪੰਚਾਂ ਤੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ।”

ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਵੀ ਇਸ ਸਾਰੀ ਸਥਿਤੀ ਦੀ ਜਾਣਕਾਰੀ ਦੇਣ ਦੀ ਗੱਲ ਕਹੀ ਅਤੇ ਦਾਅਵਾ ਕੀਤਾ ਕਿ “ਹੁਣ ਇਹ ਲੜਾਈ ਅਫ਼ਸਰਾਂ ਰਾਹੀਂ ਲੜੀ ਜਾ ਰਹੀ ਹੈ ਕਿਉਂਕਿ ਹਕੂਮਤ ਜ਼ਮੀਨ ਗੁਆ ਚੁੱਕੀ ਹੈ।”

ਮੌਜੂਦਾ ਮੁੱਖ ਮੰਤਰੀ ’ਤੇ ਪ੍ਰਹਾਰ ਕਰਦਿਆਂ ਬਾਦਲ ਨੇ ਕਿਹਾ ਕਿ “ਜਿਹੜਾ ਵਿਅਕਤੀ ਵਿਦੇਸ਼ੀ ਜਹਾਜ਼ ਤੋਂ ਸ਼ਰਾਬ ਪੀ ਕੇ ਕੱਢਿਆ ਗਿਆ ਹੋਵੇ, ਉਹ ਪੰਜਾਬ ਦੀ ਸ਼ਾਨ ਕਿਵੇਂ ਬਣ ਸਕਦਾ ਹੈ? ਇਹ ਵੀਡੀਓਜ਼ ਸਾਡੇ ਲਈ ਸ਼ਰਮ ਦੀ ਗੱਲ ਹਨ।” ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹੁਣ ਪੰਜਾਬ ਨੂੰ ਅਸਲ ਪਹਿਚਾਣ ਖੇਤਰੀ ਪਾਰਟੀ— ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦੀ ਹੈ।

ਬਾਦਲ ਨੇ ਕਿਹਾ ਕਿ “ਪੰਜਾਬ ਦੀ ਕੌਮ ਦੀ ਇੱਜ਼ਤ ਮੁੜ ਕਾਇਮ ਕਰਨ ਲਈ ਸਾਨੂੰ ਇਕੱਠੇ ਹੋਣਾ ਪਵੇਗਾ, ਕਿਉਂਕਿ ਮੌਜੂਦਾ ਹਕੂਮਤ ਨੇ ਲੋਕਤੰਤਰ ਨੂੰ ਮਜ਼ਾਕ ਬਣਾਕੇ ਰੱਖ ਦਿੱਤਾ ਹੈ।”

 

Leave a Reply

Your email address will not be published. Required fields are marked *