News99punjab
ਭਾਰਤ 03 ਨਵੰਬਰ 2025:
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਵੀ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਐਤਵਾਰ ਨੂੰ ਸਾਊਥ ਅਫ਼ਰੀਕਾ ਨੂੰ ਹਰਾਕੇ ਇਤਿਹਾਸ ਰਚ ਦਿੱਤਾ। 52 ਸਾਲਾਂ ਦੇ ਮਹਿਲਾ ਵਰਲਡ ਕਪ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਟੀਮ ਇੰਡੀਆ ਨੇ ਖ਼ਿਤਾਬ ਜਿੱਤ ਕੇ ਦੇਸ਼ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ।
ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਸ ਟੂਰਨਾਮੈਂਟ ਨੇ ਭਾਰਤੀ ਕ੍ਰਿਕਟ ਲਈ ਨਵਾਂ ਅਧਿਆਇ ਲਿਖਿਆ ਹੈ।ਪਹਿਲਾਂ ਬੱਲੇਬਾਜ਼ੀ ਚੁਣਦਿਆਂ ਭਾਰਤ ਨੇ 50 ਓਵਰਾਂ ਵਿੱਚ 7 ਵਿਕਟਾਂ ਤੇ 298 ਰਨ ਬਣਾਏ। ਸ਼ੈਫਾਲੀ ਵਰਮਾ ਨੇ ਧਾਕੜ ਬੱਲੇਬਾਜ਼ੀ ਕਰਦਿਆਂ 87 ਰਨਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ ਸੱਤ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਸਮ੍ਰਿਤੀ ਮੰਧਾਨਾ (45) ਨਾਲ ਉਹਨੇ ਪਹਿਲੀ ਵਿਕਟ ਲਈ 104 ਰਨ ਜੋੜ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਟੀਮ ਦੀ ਮੱਧਕ੍ਰਮ ਬੱਲੇਬਾਜ਼ੀ ਵਿਚ ਦੀਪਤੀ ਸ਼ਰਮਾ ਨੇ 54 ਰਨ ਬਣਾਕੇ ਮਹੱਤਵਪੂਰਨ ਯੋਗਦਾਨ ਦਿੱਤਾ, ਜਦਕਿ ਰਿਚਾ ਘੋਸ਼ ਨੇ 34 ਰਨਾਂ ਦੀ ਤੇਜ਼ ਪਾਰੀ ਨਾਲ ਸਕੋਰਬੋਰਡ ਨੂੰ ਗਤੀ ਦਿੱਤੀ।
ਸਾਊਥ ਅਫ਼ਰੀਕਾ ਵੱਲੋਂ ਆਯਾਬੋਂਗਾ ਖਾਕਾ (3/58) ਸਭ ਤੋਂ ਕਾਮਯਾਬ ਗੇਂਦਬਾਜ਼ ਰਹੀ। ਨੋਂਕੁਲੁਲੇਕੋ ਮਲਾਬਾ ਅਤੇ ਮਾਰਿਜਾਨ ਕੈਪ ਨੇ ਇੱਕ-ਇੱਕ ਵਿਕਟ ਲਈ, ਪਰ ਭਾਰਤੀ ਬੱਲੇਬਾਜ਼ਾਂ ਦੀ ਮਜ਼ਬੂਤ ਜੋੜੀ ਨੂੰ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕੇ।ਟੀਚੇ ਦਾ ਪਿੱਛਾ ਕਰਨ ਉਤਰੀ ਸਾਊਥ ਅਫ਼ਰੀਕਾ ਨੇ ਸ਼ੁਰੂਆਤ ਤਾਂ ਮਜ਼ਬੂਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਸਮੇਂ-ਸਮੇਂ ‘ਤੇ ਝਟਕੇ ਦੇ ਕੇ ਮੈਚ ਦਾ ਰੁਖ ਮੋੜ ਦਿੱਤਾ।
ਕਪਤਾਨ ਲੌਰਾ ਵੋਲਵਾਰਟ ਨੇ ਸਕੋਰ ਸੰਭਾਲਦਿਆਂ ਸ਼ਤਕ ਪੂਰਾ ਕੀਤਾ, ਪਰ ਜਦੋਂ ਉਨ੍ਹਾਂ ਦਾ ਕੈਚ ਅਮਨਜੋਤ ਕੌਰ ਨੇ ਦੀਪਤੀ ਸ਼ਰਮਾ ਦੀ ਗੇਂਦ ‘ਤੇ ਲਿਆ, ਤਦ ਪੂਰੇ ਸਟੇਡੀਅਮ ਵਿੱਚ ਜਸ਼ਨ ਦੀ ਲਹਿਰ ਦੌੜ ਗਈ।ਦੀਪਤੀ ਸ਼ਰਮਾ ਨੇ 10 ਓਵਰਾਂ ਵਿੱਚ ਪੰਜ ਵਿਕਟਾਂ ਝਟਕਾ ਕੇ ਫਾਈਨਲ ਦੀ ਹੀਰੋਇਨ ਬਣ ਗਈ, ਜਦਕਿ ਸ਼ੈਫਾਲੀ ਨੇ ਆਪਨੇ ਘੱਟ ਸਮੇਂ ਦੇ ਸਪੀਲ ਵਿੱਚ ਦੋ ਮਹੱਤਵਪੂਰਣ ਵਿਕਟਾਂ ਲੈਂਦਿਆਂ ਮੈਚ ਦਾ ਰੁਖ ਪੂਰੀ ਤਰ੍ਹਾਂ ਭਾਰਤ ਵੱਲ ਮੋੜ ਦਿੱਤਾ।ਅੰਤ ਵਿੱਚ ਸਾਊਥ ਅਫ਼ਰੀਕਾ ਦੀ ਟੀਮ 299 ਰਨਾਂ ਦੇ ਟੀਕੇ ਤੱਕ ਨਹੀਂ ਪਹੁੰਚ ਸਕੀ ਅਤੇ ਪੂਰਾ ਸਟੇਡੀਅਮ ਭਾਰਤ-ਭਾਰਤ ਦੇ ਨਾਅਰਿਆਂ ਨਾਲ ਗੂੰਜ ਉਠਿਆ।
ਇਸ ਇਤਿਹਾਸਕ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਉਹ ਕਾਰਨਾਮਾ ਕਰ ਦਿਖਾਇਆ ਜੋ ਕਈ ਦਹਾਕਿਆਂ ਤੋਂ ਸੁਪਨਾ ਬਣਿਆ ਹੋਇਆ ਸੀ। ਇਸ ਮਕਾਮ ਨੇ ਸ਼ੈਫਾਲੀ ਅਤੇ ਦੀਪਤੀ ਵਰਗੀਆਂ ਨਵੀਂ ਪੀੜ੍ਹੀ ਦੀਆਂ ਖਿਡਾਰਣਾਂ ਨੂੰ ਦੇਸ਼ ਭਰ ਵਿੱਚ ਪ੍ਰੇਰਣਾ ਦਾ ਸਰੋਤ ਬਣਾ ਦਿੱਤਾ ਹੈ।
