ਬਜ਼ੁਰਗ ਕਿਸਾਨ ਬੀਬੀ ਤੇ ਕੁਮੈਂਟ ਕਰਨਾ ਪਿਆ ਮਹਿੰਗਾ
ਗੌਤਮ ਕੁਮਾਰ
ਬਠਿੰਡਾ 27 ਅਕਤੂਬਰ 2025:
ਆਪਣੇ ਕਥਿਤ ਬੜਬੋਲੇ ਸੁਭਾਅ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਨੌਤ ਦੀ ਆਖਰ ਬਠਿੰਡਾ ਅਦਾਲਤ ਵਿਚ ਪੇਸ਼ੀ ਹੋਣ ਜਾ ਰਹੀ ਹੈ।
ਮਾਮਲਾ ਕਿਸਾਨ ਅੰਦੋਲਨ 2020 ਨਾਲ ਜੁੜਿਆ ਹੋਇਆ ਹੈ ਜਦੋਂ ਕੰਗਨਾ ਰਨੌਤ ਨੇ ਆਪਣੇ ਟਵਿੱਟਰ ਅਕਾਉਂਟ ਤੇ ਇਕ ਫੋਟੋ ਸਾਂਝੀ ਕਰ ਕਿਸਾਨ ਅੰਦੋਲਨ ਵਿਚ ਪਹੁੰਚੀ ਜਿਲ੍ਹਾ ਬਠਿੰਡਾ ਦੀ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਤੇ ਭੱਦਾ ਕੁਮੈਂਟ ਕਰਦਿਆਂ ਟਵੀਟ ਕੀਤਾ ਸੀ। ਬੀਬੀ ਮਹਿੰਦਰ ਕੌਰ ਵਲੋਂ ਕੰਗਨਾ ਰਨੌਤ ਦੇ ਖਿਲਾਫ ਬਠਿੰਡਾ ਦੀ ਮਾਨਯੋਗ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ।
ਜਿਸ ਤੋਂ ਬਾਅਦ ਕੰਗਨਾ ਰਨੌਤ ਵਲੋਂ ਪਹਿਲਾਂ ਮਾਨਯੋਗ ਹਾਈਕੋਰਟ ਅਤੇ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚ ਇਸ ਦੇ ਖਿਲਾਫ ਚਾਰਾਜੋਈ ਕੀਤੀ ਗਈ ਸੀ। ਪਰ ਮਾਨਯੋਗ ਹਾਈਕੋਰਟ ਅਤੇ ਮਾਨਯੋਗ ਸੁਆਰੀਮ ਕੋਰਟ ਵਲੋਂ ਵੀ ਕੋਈ ਰਾਹਤ ਨਾ ਦਿੱਤੇ ਜਾਣ ਤੋਂ ਬਾਅਦ ਆਖਰ ਹੁਣ ਕੰਗਨਾ ਰਨੌਤ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਬਿਕ ਕੰਗਨਾ ਰਨੌਤ ਉਕਤ ਮਾਣਹਾਨੀ ਮਾਮਲੇ ਅੱਜ ਬਠਿੰਡਾ ਅਦਾਲਤ ਵਿਚ ਪੇਸ਼ ਹੋ ਸਕਦੀ ਹੈ।
ਜਿਕਰਯੋਗ ਹੈ ਕੇ ਉਕਤ ਬਜ਼ੁਰਗ ਕਿਸਾਨ ਬੀਬੀ ਤੇ ਟਿੱਪਣੀ ਕਰਨ ਤੋਂ ਬਾਅਦ ਕੰਗਨਾ ਰਨੌਤ ਨੂੰ ਕਾਫੀ ਟਰੋਲ ਕੀਤਾ ਗਿਆ ਸੀ ਅਤੇ ਇਸੇ ਦੇ ਚਲਦੇ ਏਅਰਪੋਰਟ ਤੇ ਸੁਰੱਖਿਆ ਮੁਲਾਜਮ ਵਜੋਂ ਤੈਨਾਤ ਇਕ ਸਿੱਖ ਮਹਿਲਾ ਮੁਲਾਜਮ ਵਲੋਂ ਕੰਗਨਾ ਰਨੌਤ ਨੂੰ ਕਥਿਤ ਥੱਪੜ ਵੀ ਮਾਰਿਆ ਗਿਆ ਸੀ।
