ਦੀਪਕ ਭਾਰਗੋ
ਫ਼ਿਰੋਜ਼ਪੁਰ, 5 ਨਵੰਬਰ 2025:
ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ‘ਚ ਆਉਣ ਵਾਲੇ 9 ਨਵੰਬਰ ਨੂੰ ਇੱਕ ਇਤਿਹਾਸਕ ਦੌੜ ਦਾ ਆਯੋਜਨ ਹੋਣ ਜਾ ਰਿਹਾ ਹੈ। ਭਾਰਤੀ ਫੌਜ ਦੀ ਮਾਣਯੋਗ “ਗੋਲਡਨ ਐਰੋ ਡਿਵੀਜ਼ਨ” ਵੱਲੋਂ “ਫ਼ਿਰੋਜ਼ਪੁਰ ਬਾਰਡਰ ਮੈਰਾਥਨ–2025” ਕਰਵਾਈ ਜਾ ਰਹੀ ਹੈ, ਜਿਸ ਦਾ ਮੰਤਵ ਸਿਰਫ਼ ਖੇਡ ਨਹੀਂ, ਸਗੋਂ ਸ਼ਹੀਦਾਂ ਨੂੰ ਨਮਨ ਕਰਨਾ ਅਤੇ ਨਸ਼ੇ ਦੇ ਖ਼ਿਲਾਫ਼ ਜੰਗ ਲਈ ਦੇਸ਼ ਨੂੰ ਇਕਜੁੱਟ ਕਰਨਾ ਵੀ ਹੈ।
ਫ਼ਿਰੋਜ਼ਪੁਰ ਦੀ ਇਹ ਧਰਤੀ ਸਦਾ ਤੋਂ ਹੀ ਬਲੀਦਾਨ ਤੇ ਸ਼ੌਰਯ ਦੀ ਪ੍ਰਤੀਕ ਰਹੀ ਹੈ। ਇਹੋ ਥਾਂ ਹੁਸੈਨੀਵਾਲਾ ਰਾਸ਼ਟਰੀ ਸ਼ਹੀਦ ਸਮਾਧੀ ਸਥਿਤ ਹੈ ਜਿੱਥੇ ਭਾਰਤ ਦੇ ਅਮਰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀਆਂ ਅਸਥੀਆਂ ਸਦਾ ਦੇ ਲਈ ਟਿਕਾਈਆਂ ਗਈਆਂ ਹਨ।
ਇਥੋਂ ਹੀ ਕੁਝ ਦੂਰੀ ‘ਤੇ ਸਰਾਗੜ੍ਹੀ ਗੁਰਦੁਆਰਾ ਸਮਾਰਕ ਸਥਿਤ ਹੈ, ਜੋ 1897 ਦੀ ਉਸ ਮਸ਼ਹੂਰ ਲੜਾਈ ਦੀ ਯਾਦ ਦਿਲਾਂਦਾ ਹੈ, ਜਿੱਥੇ 36 ਸਿੱਖ ਰੈਜੀਮੈਂਟ ਦੇ 21 ਸੂਰਮਿਆਂ ਨੇ ਆਖ਼ਰੀ ਸਾਹ ਤੱਕ ਮਾਤਭੂਮੀ ਲਈ ਲੜਾਈ ਕੀਤੀ ਸੀ।
1965 ਅਤੇ 1971 ਦੇ ਯੁੱਧਾਂ ‘ਚ ਸਰਹੱਦ ਦੀ ਹਿਫ਼ਾਜ਼ਤ ਕਰਨ ਵਾਲੀ ਗੋਲਡਨ ਐਰੋ ਡਿਵੀਜ਼ਨ ਹੁਣ ਸਮਾਜ ਦੇ ਸਭ ਤੋਂ ਵੱਡੇ ਖ਼ਤਰੇ “ਨਸ਼ੇ” ਦੇ ਵਿਰੁੱਧ ਜੰਗ ਛੇੜ ਰਹੀ ਹੈ। ਸਰਹੱਦੀ ਖੇਤਰਾਂ ਰਾਹੀਂ ਹੋ ਰਹੀ ਤਸਕਰੀ ਨੇ ਪੰਜਾਬ ਦੇ ਨੌਜਵਾਨਾਂ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਲਈ ਚਿੰਤਾ ਪੈਦਾ ਕੀਤੀ ਹੈ। ਇਸ ਮੈਰਾਥਨ ਰਾਹੀਂ ਡਿਵੀਜ਼ਨ ਦਾ ਉਦੇਸ਼ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨਾ, ਨਸ਼ਾ ਮੁਕਤ ਭਾਰਤ ਦਾ ਸੁਨੇਹਾ ਦੇਣਾ ਅਤੇ ਫ਼ਿਰੋਜ਼ਪੁਰ ਦੇ ਸੈਨਿਕ ਤੇ ਸੱਭਿਆਚਾਰਕ ਅਹਿਮੀਅਤ ਨੂੰ ਉਭਾਰਨਾ ਹੈ।
ਫ਼ਿਰੋਜ਼ਪੁਰ ਬਾਰਡਰ ਮੈਰਾਥਨ–2025 ‘ਚ ਦੇਸ਼ ਭਰ ਤੋਂ 4,000 ਤੋਂ ਵੱਧ ਦੌੜਾਕ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਖਿਡਾਰੀ, ਫੌਜੀ ਜਵਾਨ, ਸਮਾਜਿਕ ਪ੍ਰੇਰਕ ਅਤੇ ਆਮ ਨਾਗਰਿਕ ਸ਼ਾਮਲ ਹੋਣਗੇ। ਇਸ ਦੌੜ ਵਿੱਚ ਤਿੰਨ ਸ਼੍ਰੇਣੀਆਂ ਹੋਣਗੀਆਂ — ਹਾਫ ਮੈਰਾਥਨ, 10 ਕਿਮੀ ਤੇ 5 ਕਿਮੀ। ਸਾਰੇ ਦੌੜਾਕ ਇਤਿਹਾਸਕ ਮਾਰਗਾਂ ਰਾਹੀਂ ਦੌੜਦੇ ਹੋਏ ਰਾਸ਼ਟਰੀ ਸ਼ਹੀਦ ਸਮਾਰਕ, ਹੁਸੈਨੀਵਾਲਾ ‘ਤੇ ਆ ਕੇ ਆਪਣੀ ਦੌੜ ਪੂਰੀ ਕਰਨਗੇ।
ਗੋਲਡਨ ਐਰੋ ਡਿਵੀਜ਼ਨ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਦੇਸ਼ ਦਾ ਹਰੇਕ ਨਾਗਰਿਕ ਸਿਹਤਮੰਦ ਜੀਵਨ ਅਪਣਾਏ, ਨਸ਼ੇ ਤੋਂ ਦੂਰ ਰਹੇ ਅਤੇ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖੇ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਇਹ ਮੈਰਾਥਨ ਖੇਡ, ਦੇਸ਼ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਅਨੋਖਾ ਮਿਲਾਪ ਹੋਵੇਗੀ।
