ਸੁਖਜਿੰਦਰ ਸਹੋਤਾ
ਫਰੀਦਕੋਟ 18 ਅਕਤੂਬਰ 2025:
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸਾਈਬਰ ਠੱਗੀ ਅਤੇ ਡਿਜੀਟਲ ਅਪਰਾਧਾਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਨਾ ਸਿਰਫ਼ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਬਲਕਿ ਪਿੰਡਾਂ, ਸ਼ਹਿਰਾਂ, ਮੁਹੱਲਿਆਂ, ਕਸਬਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਸਥਾਨਾਂ ‘ਤੇ ਜਾ ਕੇ ਲੋਕਾਂ ਨੂੰ ਸਾਈਬਰ ਅਪਰਾਧਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਇਸੇ ਕੜੀ ਵਿੱਚ ਸ਼੍ਰੀ ਜਗਤਾਰ ਸਿੰਘ ਡੀ.ਐਸ.ਪੀ (ਸਾਈਬਰ ਕਰਾਈਮ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਾਈਬਰ ਕਰਾਈਮ ਫਰੀਦਕੋਟ ਦੀ ਟੀਮ ਵੱਲੋਂ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਥਾਨਕ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਦੇ ਖਤਰਿਆਂ ਅਤੇ ਉਨ੍ਹਾਂ ਤੋਂ ਬਚਣ ਦੇ ਉਪਾਅ ਬਾਰੇ ਜਾਣਕਾਰੀ ਦੇਣਾ ਸੀ।

ਸੈਮੀਨਾਰ ਦੌਰਾਨ ਸਾਈਬਰ ਕਰਾਈਮ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਔਨਲਾਈਨ ਠੱਗੀ, ਡਿਜੀਟਲ ਜਾਸੂਸੀ, ਸੋਸ਼ਲ ਮੀਡੀਆ ਹੈਕਿੰਗ, ਅਤੇ ਫਿਸ਼ਿੰਗ ਜੈਸੇ ਖਤਰਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਅਤੇ ਹਾਜ਼ਰੀਨ ਨੂੰ ਸੁਰੱਖਿਅਤ ਆਨਲਾਈਨ ਟਰਾਂਜੈਕਸ਼ਨ ਕਰਨ, ਪਾਸਵਰਡ ਮੈਨੇਜਮੈਂਟ, ਅਤੇ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੇ ਆਸਾਨ ਤਰੀਕੇ ਸਮਝਾਏ ਗਏ। ਇਸ ਦੇ ਨਾਲ ਹੀ, ਉਦਾਹਰਣਾਂ ਦੀ ਮਦਦ ਨਾਲ ਸਾਈਬਰ ਅਪਰਾਧਾਂ ਦੇ ਪਹਿਲੂ ਅਤੇ ਉਨ੍ਹਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾ ਨਾਲ ਇਸ ਸਬੰਧੀ ਖੁੱਲੇ ਸਵਾਲ-ਜਵਾਬ ਦਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਵੱਲੋਂ ਸਾਈਬਰ ਠੱਗੀ ਨੂੰ ਲੈ ਕੇ ਆਪਣੇ ਸਵਾਲ ਪੂਰੇ ਵਿਸ਼ਵਾਸ ਨਾਲ ਪੁੱਛੇ ਗਏ। ਥਾਣਾ ਸਾਈਬਰ ਕਰਾਈਮ ਸਟਾਫ ਵੱਲੋਂ ਉਨ੍ਹਾਂ ਦੇ ਸਵਾਲਾਂ ਦੇ ਸੰਤੁਸ਼ਟ ਜਵਾਬ ਦਿੱਤੇ ਗਏ। ਇਸ ਦੌਰਾਨ ਸਾਈਬਰ ਕਰਾਈਮ ਹੈਲਪਲਾਈਨ ਨੰਬਰ 1930 ਅਤੇ www.cybercrime.gov.in ਬਾਰੇ ਵੀ ਜਾਣਕਾਰੀ ਦਿੱਤੀ ਗਈ।
******
