ਸੁਖਜਿੰਦਰ ਸਹੋਤਾ,
ਫਰੀਦਕੋਟ 26 ਅਕਤੂਬਰ 2025:
ਫਰੀਦਕੋਟ ਪੁਲਿਸ ਵੱਲੋ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਸ ਸਾਲ 21 ਅਕਤੂਬਰ ਤੋ 31 ਅਕਤੂਬਰ 2025 ਤੱਕ ਜਿਲਾ ਅੰਦਰ ਵੱਖ-ਵੱਖ ਸਮਾਗਮ ਆਯੋਜਿਤ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਸ਼ਹੀਦ ਸੂਰਮਿਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਸੇਵਾ, ਸਮਰਪਣ ਅਤੇ ਦੇਸ਼ਭਗਤੀ ਦੇ ਮੋਲ ਨਾਲ ਜੋੜਨਾ ਹੈ।

ਇਸੇ ਕੜੀ ਵਿੱਚ, ਪੁਲਿਸ ਲਾਈਨ ਫਰੀਦਕੋਟ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ ਵਿੱਚ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ ਆਧੁਨਿਕ ਹਥਿਆਰਾਂ, ਡਰੋਨ ਪ੍ਰਣਾਲੀਆਂ ਅਤੇ ਨਵੀਆਂ ਸੁਰੱਖਿਆ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਿਊਟੀਆਂ ਦੌਰਾਨ ਵਰਤੇ ਜਾਣ ਵਾਲੇ ਸੁਰੱਖਿਆ ਉਪਕਰਣਾਂ, ਵਹੀਕਲਾਂ ਅਤੇ ਤਕਨੀਕੀ ਸਾਧਨਾਂ ਦੀ ਵਰਤੋਂ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਸ਼ਹੀਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕੁਰਬਾਨੀਆਂ ਸਾਡੇ ਸਾਰਿਆ ਲਈ ਮਾਣ ਅਤੇ ਪ੍ਰੇਰਨਾ ਦਾ ਸਰੋਤ ਹਨ। ਇਹ ਉਹ ਬਹਾਦਰ ਪੁਲਿਸ ਅਫਸਰ ਹਨ, ਜਿਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਅਤੇ ਦੇਸ਼ ਦੀ ਸੇਵਾ ਕਰਦਿਆਂ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ। ਉਨ੍ਹਾਂ ਦੀ ਸ਼ਹਾਦਤ ਸਾਨੂੰ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ ਕਿ ਪੁਲਿਸ ਸੇਵਾ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਇਹ ਇਕ ਜਿੰਮੇਵਾਰੀ ਅਤੇ ਤਿਆਗ ਭਰੀ ਸੇਵਾ ਹੈ।

ਉਹਨਾ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਆਯੋਜਿਤ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਦਾ ਮਕਸਦ ਨਵੀਂ ਪੀੜ੍ਹੀ ਨੂੰ ਪੁਲਿਸ ਵਿਭਾਗ ਦੀ ਅਧੁਨਿਕ ਤਿਆਰੀ, ਤਕਨੀਕੀ ਸਾਧਨਾਂ ਅਤੇ ਸੁਰੱਖਿਆ ਪ੍ਰਣਾਲੀਆਂ ਬਾਰੇ ਜਾਣੂ ਕਰਵਾਉਣਾ ਹੀ ਨਹੀ, ਬਲਕਿ ਉਹਨਾ ਸ਼ਹੀਦਾਂ ਦੀਆ ਕੁਰਬਾਨੀਆਂ ਨੂੰ ਯਾਦ ਕਰਨਾ ਹੈ, ਜਿਹਨਾ ਨੇ ਲੋਕਾ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਪੁਲਿਸ ਦੀ ਸਮਰਪਿਤ ਸੇਵਾ, ਨਵੀਆਂ ਚੁਣੌਤੀਆਂ ਨਾਲ ਜੂਝਣ ਦੀ ਤਿਆਰੀ ਅਤੇ ਅਧੁਨਿਕ ਹਥਿਆਰਾਂ ਦੀ ਭੂਮਿਕਾ ਬਾਰੇ ਸਿੱਧਾ ਅਨੁਭਵ ਪ੍ਰਾਪਤ ਹੋ ਰਿਹਾ ਹੈ।

ਉਹਨਾ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਸਾਡੇ ਵਿੱਚ ਦੇਸ਼ਭਗਤੀ, ਜ਼ਿੰਮੇਵਾਰੀ ਅਤੇ ਸੁਰੱਖਿਆ ਪ੍ਰਤੀ ਸਚੇਤਨਾ ਨੂੰ ਹੋਰ ਮਜ਼ਬੂਤ ਕਰਣਗੇ।

