ਫਰੀਦਕੋਟ ਦੇ ਨਲਕਿਆਂ ਦਾ ਪਾਣੀ ਜਹਿਰੀਲਾ, ਯੂਰੇਨੀਅਮ ਦੀ ਮਾਤਰਾ ਚੌਂਕਾ ਦੇਣ ਵਾਲੀ – ਵਿਭਾਗ ਨੇ ਨਲਕਿਆਂ ਤੇ ਲਗਾਏ ਚੇਤਾਵਨੀ ਬੋਰਡ

ਸੁਖਜਿੰਦਰ ਸਹੋਤਾ,

ਫਰੀਦਕੋਟ 12 ਨਵੰਬਰ 2025:

ਫਰੀਦਕੋਟ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸ਼ਹਿਰ ਦੇ ਕੁਝ ਇਲਾਕਿਆਂ ਤੋਂ ਲਏ ਨਲਕਿਆਂ ਦੇ ਪਾਣੀ ਦੇ ਸੈਂਪਲ ਟੈਸਟ ਕੀਤੇ ਤੇ ਦੋ ਨਮੂਨਿਆਂ ਵਿੱਚ ਯੂਰੇਨੀਅਮ ਅਤੇ ਮੈਗਨੀਸ਼ੀਅਮ ਵਰਗੇ ਹੋਰ ਹੈਵੀ ਮੈਟਲ ਤੈਅ ਮਾਪਦੰਡ ਤੋਂ ਕਈ ਗੁਣਾ ਵੱਧ ਮਿਲੇ।

ਵਿਭਾਗ ਵੱਲੋਂ ਇਹਨਾਂ ਨਲਕਿਆਂ ਨੂੰ ਲਾਲ ਰੰਗ ਨਾਲ ਨਿਸ਼ਾਨਬੰਦੀ ਕਰਕੇ ਉੱਥੇ ਚੇਤਾਵਨੀ ਬੋਰਡ ਲਗਾਏ ਗਏ ਹਨ, ਤਾਂ ਜੋ ਲੋਕ ਇਹ ਪਾਣੀ ਪੀਣ ਲਈ ਵਰਤ ਨਾ ਕਰਨ।ਜਲ ਜੀਵਨ ਬਚਾਓ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਮੰਗ ‘ਤੇ ਹੀ ਵਿਭਾਗ ਨੇ 7 ਥਾਵਾਂ ਤੋਂ ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 5 ਨਮੂਨੇ ਫੇਲ੍ਹ ਹੋਏ।

ਉਹਨਾਂ ਦਾ ਕਹਿਣਾ ਹੈ ਕਿ ਸਿਰਫ 2 ਨਲਕਿਆਂ ਨੂੰ ਲਾਲ ਰੰਗ ਕਰਕੇ ਵਿਭਾਗ ਨੇ ਆਪਣੀ ਜਿੰਮੇਵਾਰੀ ਖਤਮ ਮੰਨ ਲਈ ਹੈ, ਪਰ ਸ਼ਹਿਰ ਦੇ ਲੋਕਾਂ ਨੂੰ ਇਸ ਬਾਰੇ ਕੋਈ ਸਪਸ਼ਟ ਸੂਚਨਾ ਨਹੀਂ ਦਿੱਤੀ ਗਈ।ਸ਼ੰਕਰ ਸ਼ਰਮਾ ਦਾ ਦਾਅਵਾ ਹੈ ਕਿ ਜੇਕਰ ਲੋਕ ਇਹ ਯੂਰੇਨੀਅਮ ਯੁਕਤ ਪਾਣੀ ਪੀਦੇ ਰਹੇ ਤਾਂ ਇਸ ਨਾਲ ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਸਕਦਾ ਹੈ

ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਰੀਦਕੋਟ ਸ਼ਹਿਰ ਨੂੰ ਤੁਰੰਤ ਸਾਫ਼ ਤੇ ਸੁਰੱਖਿਅਤ ਪਾਣੀ ਦੀ ਸਪਲਾਈ ਦਿੱਤੀ ਜਾਵੇ।ਫਰੀਦਕੋਟ ਨਿਵਾਸੀ ਕਸ਼ਮੀਰ ਸਿੰਘ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਨਲਕਿਆਂ ਦਾ ਪਾਣੀ ਜਹਿਰੀਲਾ ਐਲਾਨਿਆ ਗਿਆ ਹੈ ਅਤੇ ਵਾਟਰ ਵਰਕਸ ਤੋਂ ਪਾਣੀ ਅਣਨਿਯਮਿਤ ਆ ਰਿਹਾ ਹੈ, ਤਾਂ ਆਮ ਲੋਕ ਪਾਣੀ ਕਿਥੋਂ ਪੀਣ? ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਰਾਜਾ ਮਾਇਨਰ ਰਾਹੀਂ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।

ਜਲ ਸਪਲਾਈ ਵਿਭਾਗ ਦੇ ਐਕਸੀਅਨ ਨੇ ਪੁਸ਼ਟੀ ਕੀਤੀ ਕਿ ਫਿਰੋਜ਼ਪੁਰ ਰੋਡ ‘ਤੇ ਪੈਂਦੇ ਦੋ ਨਲਕਿਆਂ ਦੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਪਾਈ ਗਈ ਹੈ। ਵਿਭਾਗ ਅਨੁਸਾਰ, ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੀ ਵਰਤੋਂ ਪੀਣ ਲਈ ਨਾ ਕਰਨ ਅਤੇ ਵਾਟਰ ਸਪਲਾਈ ਰਾਹੀਂ ਆਉਣ ਵਾਲਾ ਨਹਿਰੀ ਪਾਣੀ ਹੀ ਪੀਣ।

Leave a Reply

Your email address will not be published. Required fields are marked *