ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਜਿੱਥੇ ਫਰੀਦਕੋਟ ਜ਼ਿਲ੍ਹੇ ਵਿੱਚ ਜ਼ਿਆਦਾਤਰ ਪੋਲਿੰਗ ਅਮਨ-ਸ਼ਾਂਤੀ ਨਾਲ ਮੁਕੰਮਲ ਹੋਈ, ਉਥੇ ਹੀ ਸ਼ਾਮ ਢਲਦੇ ਪਿੰਡ ਘੁਗਿਆਣਾ ਵਿੱਚ ਹਿੰਸਕ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇੱਥੇ ਜ਼ਿਲ੍ਹਾ ਪ੍ਰੀਸ਼ਦ ਸਰਕਲ ਗੋਲੇਵਾਲਾ ਤੋਂ ਬੀਜੇਪੀ ਉਮੀਦਵਾਰ ਅਮਰ ਸਿੰਘ ਦੇ ਭਰਾ ਲਖਵਿੰਦਰ ਸਿੰਘ ’ਤੇ ਘਰ ਦੇ ਬਾਹਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ।ਹਮਲਾਵਰਾਂ ਨੇ ਨਾ ਸਿਰਫ਼ ਲਖਵਿੰਦਰ ਸਿੰਘ ਨਾਲ ਕੁੱਟਮਾਰ ਕੀਤੀ, ਸਗੋਂ ਘਰ ਦੇ ਬਾਹਰ ਖੜ੍ਹੀ ਉਮੀਦਵਾਰ ਦੀ ਸਕਾਰਪੀਓ ਗੱਡੀ ਦੀ ਵੀ ਭੰਨਤੋੜ ਕੀਤੀ। ਗੁੰਡਾਗਰਦੀ ਦੀ ਇਹ ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਜਖ਼ਮੀ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖ਼ਲ
ਗੰਭੀਰ ਰੂਪ ਵਿੱਚ ਜਖ਼ਮੀ ਲਖਵਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਜਾਰੀ ਹੈ।ਜਖਮੀ ਦਾ ਹਾਲਚਾਲ ਜਾਣਣ ਲਈ ਬੀਜੇਪੀ ਆਗੂ ਸੰਦੀਪ ਸਿੰਘ ਸੰਨੀ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਹਸਪਤਾਲ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਬੀਜੇਪੀ ਆਗੂਆਂ ਦੇ ਇਲਜ਼ਾਮ: “ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਰਚਿਆ ਸਾਜ਼ਿਸ਼ੀ ਹਮਲਾ”
ਮੈਡੀਕਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਆਗੂ ਸੰਦੀਪ ਸਿੰਘ ਸੰਨੀ ਬਰਾੜ ਅਤੇ ਗੌਰਵ ਕੱਕੜ ਨੇ ਦਾਅਵਾ ਕੀਤਾ ਕਿ ਇਹ ਹਮਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਝਾੜੂ ਨਿਸ਼ਾਨ) ਦੇ ਸਮਰਥਕਾਂ ਵੱਲੋਂ ਮਿਲੀਭੁਗਤ ਨਾਲ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਬੀਜੇਪੀ ਦਾ ਵਧਦਾ ਆਧਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਰ ਸਿੰਘ ਦੀ ਸੰਭਾਵਿਤ ਜਿੱਤ ਤੋਂ ਘਬਰਾ ਕੇ ਕਥਿਤ ਗੁੰਡਿਆਂ ਨੇ ਇਹ ਜਾਨਲੇਵਾ ਹਮਲਾ ਕਰਵਾਇਆ, ਤਾਂ ਜੋ ਉਮੀਦਵਾਰ ਨੂੰ ਉਲਝਾ ਕੇ ਵੋਟਿੰਗ ‘ਤੇ ਅਸਰ ਪਾਇਆ ਜਾ ਸਕੇ।ਬੀਜੇਪੀ ਆਗੂਆਂ ਦੇ ਮੁਤਾਬਕ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਇਸ ਤੋਂ ਬਾਅਦ ਉਥੇ ਵੋਟ ਪੋਲਿੰਗ ਪ੍ਰਭਾਵਿਤ ਰਹੀ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਫਰੀਦਕੋਟ ਪੁਲਿਸ ਦਾ ਪੱਖ: “ਚੋਣੀ ਨਹੀਂ, ਨਿੱਜੀ ਰੰਜਿਸ਼ ਦਾ ਮਾਮਲਾ”
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਹੈੱਡਕੁਆਰਟਰ ਫਰੀਦਕੋਟ ਮਨਿੰਦਰ ਬੀਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਵੋਟਿੰਗ ਅਮਨ-ਅਮਾਨ ਨਾਲ ਮੁਕੰਮਲ ਹੋਈ ਹੈ ਅਤੇ ਪਿੰਡ ਘੁਗਿਆਣਾ ਵਿੱਚ ਜੋ ਵਾਰਦਾਤ ਹੋਈ ਹੈ, ਉਸਨੂੰ ਸਿੱਧਾ ਚੋਣਾਂ ਨਾਲ ਨਹੀਂ ਜੋੜਿਆ ਜਾ ਸਕਦਾ।ਐਸਪੀ ਮਨਿੰਦਰ ਬੀਰ ਸਿੰਘ ਦੇ ਅਨੁਸਾਰ ਇਹ ਲੜਾਈ ਪੋਲਿੰਗ ਬੂਥ ਤੋਂ ਕਾਫੀ ਦੂਰ, ਘਰ ਦੇ ਬਾਹਰ ਹੋਈ ਹੈ ਅਤੇ ਪ੍ਰਾਰੰਭਿਕ ਜਾਂਚ ਵਿਚੋਂ ਇਹ ਨਿੱਜੀ ਰੰਜਿਸ਼ ਦਾ ਨਤੀਜਾ ਲੱਗਦੀ ਹੈ। ਉਹਨਾਂ ਮੰਨਿਆ ਕਿ ਜਖ਼ਮੀ ਵਿਅਕਤੀ ਲਖਵਿੰਦਰ ਸਿੰਘ, ਬੀਜੇਪੀ ਉਮੀਦਵਾਰ ਅਮਰ ਸਿੰਘ ਦਾ ਭਰਾ ਹੈ।ਉਹਨਾਂ ਦੱਸਿਆ ਕਿ ਉਮੀਦਵਾਰ ਦੀ ਗੱਡੀ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਸਮੇਤ ਪੂਰੀ ਘਟਨਾ ਦੀ ਜਾਂਚ ਲਈ ਪੁਲਿਸ ਟੀਮ ਮੌਕੇ ’ਤੇ ਭੇਜੀ ਗਈ ਹੈ। ਜਿਵੇਂ-ਜਿਵੇਂ ਬਿਆਨ ਦਰਜ ਹੋਣਗੇ ਅਤੇ ਤੱਥ ਸਾਹਮਣੇ ਆਉਣਗੇ, ਉਸੇ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਚੋਣਾਂ ਅਮਨ ਨਾਲ, ਪਰ ਕੁਝ ਛਿਟਪੁਟ ਘਟਨਾਵਾਂ
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਕ ਫਰੀਦਕੋਟ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਕੁਲ ਮਿਲਾ ਕੇ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਇਕ-ਅੱਧ ਛਿਟਪੁਟ ਘਟਨਾ ਨੂੰ ਛੱਡ ਕੇ ਕਿਤੇ ਵੀ ਵੱਡਾ ਤਣਾਅ ਜਾਂ ਕਾਨੂੰਨ-ਵਿਵਸਥਾ ਦੀ ਸਮੱਸਿਆ ਦਰਜ ਨਹੀਂ ਹੋਈ।
