ਪੰਜਾਬ ਸਰਕਾਰ ਦੀ ਬੇਹੱਦ ਨਾਲਾਇਕੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨੇ ਅੰਨਦਾਤੇ ਨੂੰ ਬਰਬਾਦ ਕੀਤਾ: ਡੱਲੇਵਾਲ

ਸੁਖਜਿੰਦਰ ਸਹੋਤਾ

ਅੰਮ੍ਰਿਤਸਰ 14 ਅਕਤੂਬਰ 2025:

ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਅਧਿਕਾਰੀਆਂ ਦੀ ਨੰਗੀ ਮਿਲੀਭੁਗਤ ਨੇ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਦਿੱਤਾ ਹੈ। ਭਗਤਾਂ ਵਾਲੀ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਨਮੀ ਦੇ ਨਾਂ ‘ਤੇ ਧੱਕੇਸ਼ਾਹੀ ਨਾਲ ਲੁੱਟਿਆ ਜਾ ਰਿਹਾ ਹੈ, ਅਤੇ ਇਸ ਸਭ ਨੂੰ ਪੰਜਾਬ ਸਰਕਾਰ ਦੇ ਨਾਲਾਇਕ ਅਧਿਕਾਰੀ ਖੁੱਲ੍ਹੀ ਆਗਿਆ ਦੇ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਮੰਡੀ ਦਾ ਦੌਰਾ ਕਰਕੇ ਇਸ ਘਿਨੌਣੀ ਲੁੱਟ ਨੂੰ ਬੇਨਕਾਬ ਕੀਤਾ ਹੈ, ਪਰ ਸਰਕਾਰੀ ਮਸ਼ੀਨਰੀ ਅਜੇ ਵੀ ਅੰਨਦਾਤੇ ਨੂੰ ਡਰਾਉਣ-ਧਮਕਾਉਣ ਵਿੱਚ ਲੱਗੀ ਹੋਈ ਹੈ। ਕੀ ਇਹ ਹੈ ਪੰਜਾਬ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀ? ਨਹੀਂ, ਇਹ ਤਾਂ ਖਾਲਸਾ ਰਾਜ ਦੇ ਨਾਂ ‘ਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ਸਾਜ਼ਿਸ਼ ਹੈ!

ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮੰਡੀ ਵਿੱਚ ਪਹੁੰਚ ਕੇ ਖੁੱਲ੍ਹੇਆਮ ਵੇਖਿਆ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਨਮੀ ਦੇ ਨਾਂ ‘ਤੇ ਠੱਗ ਰਹੇ ਹਨ। 15 ਤੋਂ 17 ਫੀਸਦੀ ਨਮੀ ਵਾਲੀਆਂ ਢੇਰੀਆਂ ਨੂੰ ਵੀ 2260 ਤੋਂ 2265 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੇ ਅੰਨਦਾਤੇ ਨੂੰ ਭਿਖਾਰੀ ਬਣਾਇਆ ਜਾ ਰਿਹਾ ਹੈ। ਇਸ ਬਾਰੇ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਪਹੁੰਚ ਕੇ ਡੱਲੇਵਾਲ ਸਾਹਿਬ ਨੇ ਪਨਗਰੇਨ, ਵੇਅਰ ਹਾਊਸ ਅਤੇ ਐਫਸੀਆਈ ਵਰਗੇ ਅਧਿਕਾਰੀਆਂ ਨੂੰ ਮੌਕੇ ‘ਤੇ ਸੱਦਿਆ।

ਕਿਸਾਨਾਂ ਨੇ ਖੁੱਲ੍ਹ ਕੇ ਦੱਸਿਆ ਕਿ ਸਰਕਾਰੀ ਇੰਸਪੈਕਟਰ ਕਦੇ ਮੰਡੀ ਵਿੱਚ ਨਹੀਂ ਆਉਂਦੇ, ਨਾ ਹੀ ਕਿਸੇ ਦੀ ਨਮੀ ਚੈੱਕ ਕਰਦੇ ਹਨ। ਇਹ ਨਾਲਾਇਕ ਅਧਿਕਾਰੀ ਜਾਣ ਬੁੱਝ ਕੇ ਪ੍ਰਾਈਵੇਟ ਬੰਦਿਆਂ ਨਾਲ ਮਿਲ ਕੇ ਕਿਸਾਨਾਂ ਨੂੰ ਲੁੱਟਵਾ ਰਹੇ ਹਨ – ਇਹ ਤਾਂ ਪੰਜਾਬ ਸਰਕਾਰ ਦੀ ਮਿਲੀਭੁਗਤ ਤਹਿਤ ਚੱਲ ਰਹੀ ਖੁੱਲ੍ਹੀ ਭ੍ਰਿਸ਼ਟਾਚਾਰੀ ਹੈ!

ਇਸ ਮੌਕੇ ਢੇਰੀਆਂ ਚੈੱਕ ਕੀਤੀਆਂ ਗਈਆਂ ਤਾਂ ਸਭ ਦੀ ਨਮੀ 15 ਤੋਂ 17 ਫੀਸਦੀ ਨਿਕਲੀ, ਅਤੇ ਡੱਲੇਵਾਲ ਸਾਹਿਬ ਦੇ ਕਹਿਣ ‘ਤੇ ਉਹਨਾਂ ਨੂੰ ਸਰਕਾਰੀ ਖਰੀਦ ਵਿੱਚ ਪਾ ਦਿੱਤਾ ਗਿਆ। ਪਰ ਰਾਤ ਨੂੰ ਆੜਤੀ ਅਤੇ ਸਰਕਾਰੀ ਇੰਸਪੈਕਟਰਾਂ ਨੇ ਕਿਸਾਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਕਹਿ ਰਹੇ ਹਨ ਕਿ ਢੇਰੀਆਂ ਚੁੱਕਣ ਵਿੱਚ ਕਈ ਦਿਨ ਲੱਗਣਗੇ ਅਤੇ ਕਟੌਤੀਆਂ ਕਿਸਾਨ ਨੂੰ ਭਰਨੀਆਂ ਪੈਣਗੀਆਂ। ਇਹ ਕਿਹੜੀ ਨੀਤੀ ਹੈ ਪੰਜਾਬ ਸਰਕਾਰ ਦੀ? ਕਿਸਾਨਾਂ ਨੂੰ ਡਰਾ ਕੇ ਉਹਨਾਂ ਦੀ ਮਿਹਨਤ ਨੂੰ ਲੁੱਟਣ ਵਾਲੀ ਇਹ ਘਿਨੌਣੀ ਹਰਕਤ ਨੂੰ ਕੌਣ ਰੋਕੇਗਾ? ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਮੰਗ ਕੀਤੀ ਹੈ ਕਿ ਸਬੰਧਤ ਅਧਿਕਾਰੀਆਂ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਪੂਰਾ ਮੁੱਲ ਮਿਲੇ।

ਜੇਕਰ ਇਹ ਮਸਲਾ ਨਾ ਹੱਲ ਹੋਇਆ ਤਾਂ ਭਲਕੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਡੀਸੀ ਦਫ਼ਤਰ ਅੱਗੇ ਧਰਨੇ ਤੋਂ ਬਾਅਦ ਮੇਨ ਹਾਈਵੇ ਜਾਮ ਕਰਕੇ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।

ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਜਾਗਣ ਦੀ ਲੋੜ ਹੈ, ਨਹੀਂ ਤਾਂ ਕਿਸਾਨਾਂ ਦਾ ਗੁੱਸਾ ਇੱਕ ਵੱਡੇ ਤੂਫ਼ਾਨ ਵਿੱਚ ਬਦਲ ਜਾਵੇਗਾ। ਇਹ ਨਹੀਂ ਚੱਲੇਗਾ ਕਿ ਅੰਨਦਾਤੇ ਨੂੰ ਲੁੱਟ ਕੇ ਸਰਕਾਰ ਆਪਣੇ ਅਧਿਕਾਰੀਆਂ ਨੂੰ ਬਚਾਉਂਦੀ ਰਹੇ। ਕਿਸਾਨਾਂ ਨੂੰ ਇਨਸਾਫ਼ ਮਿਲੇ, ਨਹੀਂ ਤਾਂ ਪੰਜਾਬ ਦੀ ਜਨਤਾ ਇਸ ਨਾਲਾਇਕ ਸਰਕਾਰ ਨੂੰ ਕਦੇ ਮਾਫ਼ ਨਹੀਂ ਕਰੇਗੀ!

Leave a Reply

Your email address will not be published. Required fields are marked *