ਪੰਜਾਬ ਐਂਡ ਸਿੰਧ ਬੈਂਕ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਣ ਦੇ ਉਦੇਸ਼ ਨਾਲ ਰੈਲੀ ਦਾ ਆਯੋਜਨ

ਸੁਖਜਿੰਦਰ ਸਹੋਤਾ

ਫਰੀਦਕੋਟ, 29 ਅਕਤੂਬਰ 2025:

ਰਿਸ਼ਵਤਖੋਰੀ ਨੂੰ ਜੜ੍ਹੋਂ ਖਤਮ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 27 ਅਕਤੂਬਰ ਤੋਂ 2 ਨਵੰਬਰ 2025 ਤੱਕ ਚੌਕਸੀ ਸਾਡੀ ਸਾਂਝੀ ਜ਼ਿੰਮੇਵਾਰੀ” ਵਿਸ਼ੇ ਤਹਿਤ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।

ਇਸ ਲੜੀ ਤਹਿਤ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਦਫ਼ਤਰ ਫ਼ਰੀਦਕੋਟ ਵੱਲੋਂ ਜ਼ੋਨਲ ਮੈਨੇਜਰ ਸ਼ੀਤਲ ਮਹਾਜਨ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਪ੍ਰਤੀਬੱਧਤਾ ਦੀ ਸਹੁੰ ਚੁਕਾਈ ਗਈ।

ਇਹ ਰੈਲੀ ਜ਼ੋਨਲ ਦਫ਼ਤਰ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੋਡ ਤੋਂ ਹੁੰਦੀ ਹੋਈ ਬਲਵਿੰਦਰ ਨਗਰ ਮੋੜ ਤਕ ਪਹੁੰਚੀ। ਇਸ ਦੌਰਾਨ ਬੈਂਕ ਕਰਮਚਾਰੀ ਰਿਸ਼ਵਤਖੋਰੀ ਖਿਲਾਫ ਤਖਤੀਆਂ ਫੜੇ ਹੋਏ ਨਾਅਰੇ ਲਗਾ ਰਹੇ ਸਨ।

ਹਫ਼ਤੇ ਦੌਰਾਨ ਸੂਬੇ ਭਰ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਵੱਖ-ਵੱਖ ਸਿੱਖਿਆਤਮਕ ਤੇ ਪ੍ਰੇਰਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਪੇਂਟਿੰਗ ਤੇ ਨਿਬੰਧ ਮੁਕਾਬਲੇ, ਭਾਸ਼ਣ ਤੇ ਕਵਿਜ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਮਨਜੀਤ ਸਿੰਘ ਦੀ ਅਗਵਾਈ ਹੇਠ ਰੇਂਜ ਅੰਦਰ ਕਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਜ਼ੋਨਲ ਮੈਨੇਜਰ ਸ਼ੀਤਲ ਮਹਾਜਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਅਧੀਨ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਉਹਨਾਂ ਨੇ ਸਾਰੇ ਨਾਗਰਿਕਾਂ, ਸਰਕਾਰੀ ਅਧਿਕਾਰੀਆਂ, ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਹਫ਼ਤੇ ਵਿੱਚ ਸਰਗਰਮ ਹਿੱਸਾ ਲੈਣ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਰਾਜ ਬਣਾਉਣ ਵਾਸਤੇ ਆਪਣੀ ਸਾਂਝੀ ਜ਼ਿੰਮੇਵਾਰੀ ਨਿਭਾਉਣ।

ਰੈਲੀ ਨੂੰ ਸਫਲ ਬਣਾਉਣ ਵਿੱਚ ਮੁੱਖ ਪ੍ਰਬੰਧਕ ਪਿਯੂਸ਼ ਕੁਮਾਰ, ਵਿਜੈ ਕੁਮਾਰ ਜਾਟਵ, ਰਮੇਸ਼ ਖਿੱਚੀ, ਕੇਸ਼ਵ ਕੁਮਾਰ ਅਤੇ ਪੂਰਵੀ ਪੋਡਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Leave a Reply

Your email address will not be published. Required fields are marked *