ਫਿਰੋਜ਼ਪੁਰ ਦੇ ਪਿੰਡ ਕੜਮੇ ’ਚ ਘਰ ’ਚ ਹੋਇਆ ਭਿਆਨਕ ਧਮਾਕਾ
ਸਨੀ ਚੋਪੜਾ
ਫਿਰੋਜ਼ਪੁਰ 18 ਅਕਤੂਬਰ 2025:
ਫਿਰੋਜ਼ਪੁਰ ਜ਼ਿਲ੍ਹੇ ਦੇ ਤਹਿਸੀਲ ਮਮਦੋਟ ਅਧੀਨ ਆਉਂਦੇ ਪਿੰਡ ਕੜਮੇ ’ਚ ਸ਼ਨੀਵਾਰ ਸਵੇਰੇ ਇੱਕ ਘਰ ’ਚ ਭਿਆਨਕ ਧਮਾਕਾ ਹੋਇਆ। ਜਾਣਕਾਰੀ ਮੁਤਾਬਕ, ਘਰ ਵਿੱਚ ਵੱਡੀ ਮਾਤਰਾ ਵਿੱਚ ਪੋਟਾਸ਼ ਰੱਖੀ ਹੋਈ ਸੀ ਜਿਸ ਕਾਰਨ ਇਹ ਬਲਾਸਟ ਹੋਇਆ।
ਧਮਾਕੇ ਨਾਲ ਘਰ ਦੀਆਂ ਦੋ ਛੱਤਾਂ ਢਹਿ ਗਈਆਂ ਅਤੇ ਘਰ ਵਿੱਚ ਮੌਜੂਦ ਪਤੀ-ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਧਮਾਕੇ ਦੀ ਆਵਾਜ਼ ਇਸ ਕਦਰ ਭਿਆਨਕ ਸੀ ਕਿ ਕਈ ਕਿਲੋਮੀਟਰ ਤੱਕ ਸੁਣੀ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਲਾਸਟ ਨਾਲ ਨਾ ਸਿਰਫ਼ ਘਰ ਦੀਆਂ ਛੱਤਾਂ ਤਬਾਹ ਹੋਈਆਂ ਸਗੋਂ ਨੇੜਲੇ ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਡੀ.ਐਸ.ਪੀ. ਕਰਨ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਪਰਿਵਾਰ ਨੇ ਘਰ ਵਿੱਚ ਪੋਟਾਸ਼ ਰੱਖੀ ਹੋਈ ਸੀ ਅਤੇ ਇਸ ਕਾਰਨ ਹੀ ਧਮਾਕਾ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
