ਨਿਊਜ਼99 ਪੰਜਾਬ,
ਨਵੀਂ ਦਿੱਲੀ 5 ਦਸੰਬਰ 2025:
ਜਲੰਧਰ ਵਿਖੇ ਦਲਿਤ ਰਾਜਨੀਤੀ ਦਾ ਕੇਂਦਰ ਮੰਨੇ ਜਾਣ ਵਾਲੇ ਡੇਰਾ ਸਾਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੇ ਵੀਰਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਗੁਰਪੁਰਬ ਮੌਕੇ ਹੋਣ ਵਾਲੇ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਨਿਮੰਤਰਣ ਭੇਂਟ ਕੀਤਾ।

ਮੁਲਾਕਾਤ ਦੌਰਾਨ ਜਲੰਧਰ ਤੋਂ ਭਾਜਪਾ ਨੇਤਾ ਵਿਜੇ ਸਾਂਪਲਾ ਅਤੇ ਦਿੱਲੀ ਤੋਂ ਤਰੁਣ ਚੁੱਗ ਵੀ ਮੌਜੂਦ ਸਨ। ਦੋਨੋਂ ਵਿਚਾਲੇ ਲੰਮੀ ਗੱਲਬਾਤ ਹੋਈ ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਨਾਲ ਰਾਜਨੀਤਕ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।ਸਿਆਸੀ ਵਿਸ਼ਲੇਸ਼ਕ ਇਸ ਮੁਲਾਕਾਤ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨਾਲ਼ ਜੋੜ ਰਹੇ ਹਨ, ਪਰ ਨਾਲ ਹੀ ਇਹ ਅਗਲੇ 2027 ਵਿਧਾਨ ਸਭਾ ਚੋਣਾਂ ਵਿਚ ਦੋਆਬੇ ਖੇਤਰ ਵਿਚ “ਡੇਰਾ ਫੈਕਟਰ” ਨੂੰ ਲੈ ਕੇ ਭਾਜਪਾ ਵੱਲੋਂ ਰਾਜਨੀਤਕ ਦਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਭਾਜਪਾ ਖੇਮੇ ਵਿਚ ਇਸ ਮੁਲਾਕਾਤ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ, ਜਦਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਇਸ ਪੂਰੇ ਪ੍ਰਸੰਗ ਦੇ ਵੱਖ-ਵੱਖ ਰਾਜਨੀਤਕ ਮਤਲਬ ਕੱਢ ਰਹੇ ਹਨ। ਹੁਣ ਦੇਖਣਾ ਇਹ ਰਹੇਗਾ ਕਿ ਆਉਂਦੇ ਸਮੇਂ ਵਿਚ ਧਰਮ ਅਤੇ ਰਾਜਨੀਤੀ ਦੀ ਇਹ ਮਿਲਾਪ ਕਿਸ ਪਾਸੇ ਮੋੜ ਲੈਂਦਾ ਹੈ।
