ਲਲਿਤ ਕੁਮਾਰ
ਅੰਮ੍ਰਿਤਸਰ/ਮਜੀਠਾ 17 ਨਵੰਬਰ 2025:
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਇਕ ਦਿਲ ਦਿਹਾੜੇ ਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸੱਤ ਸਾਲਾ ਏਕਮਪ੍ਰੀਤ ਸਿੰਘ ਦੀ ਰਹਸਮਈ ਹਾਲਾਤਾਂ ਹੇਠ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪਰਿਵਾਰ ਦਾ ਇਕਲੌਤਾ ਪੁੱਤਰ ਹੋਣ ਕਰਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਤਕਰੀਬਨ ਸਵਾ ਇੱਕ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਬੱਚਾ ਬੇਹੋਸ਼ ਹਾਲਤ ਵਿੱਚ ਪਿਆ ਹੈ। ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਬੱਚਾ ਗੰਭੀਰ ਸਥਿਤੀ ਵਿੱਚ ਸੀ ਅਤੇ ਉਸਦੇ ਨੇੜੇ ਇੱਟਾਂ ਤੇ ਰੋੜੇ ਪਏ ਹੋਏ ਸਨ। ਸਰਪੰਚ ਦੇ ਮੁਤਾਬਕ ਮੌਕੇ ਦੀ ਸਥਿਤੀ ਵੇਖ ਕੇ ਹੱਤਿਆ ਦਾ ਸ਼ੱਕ ਹੋਇਆ।
ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਏਕਮਪ੍ਰੀਤ ਘਰ ਤੋਂ ਕੁਝ ਦੂਰ ਇਕ ਕੋਠੇ ਦੇ ਪਿੱਛੇ ਮ੍ਰਿਤ ਹਾਲਤ ਵਿੱਚ ਮਿਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੱਚੇ ਦੀ ਹੱਤਿਆ ਕੀਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਇੱਕ ਵੱਡੀ ਭੈਣ ਵੀ ਹੈ ਅਤੇ ਦੋਵੇਂ ਭੈਣ-ਭਰਾ ਪਰਿਵਾਰ ਦੇ ਚਹਿੱਤੇ ਸਨ।ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਰਵਾਈ ਸ਼ੁਰੂ ਕੀਤੀ।
ਅਧਿਕਾਰੀਆਂ ਨੇ ਬੱਚੇ ਦੀ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਪਰਿਵਾਰਿਕ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਕਿਹਾ ਹੈ ਕਿ ਮੌਤ ਦੇ ਅਸਲੀ ਕਾਰਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਣਗੇ।
ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਕਿ ਕੋਈ ਵੀ ਸ਼ਖ਼ਸ ਜੇਕਰ ਇਸ ਘਟਨਾ ਵਿੱਚ ਸ਼ਾਮਲ ਹੋਇਆ ਹੋਇਆ ਮਿਲਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਪਿੰਡ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਹੈ ਅਤੇ ਲੋਕ ਨਿਰਦੋਸ਼ ਬੱਚੇ ਲਈ ਇਨਸਾਫ ਦੀ ਉਡੀਕ ਕਰ ਰਹੇ ਹਨ।
