ਸੁਖਜਿੰਦਰ ਸਹੋਤਾ,
ਕੋਟਕਪੂਰਾ, 14 ਦਸੰਬਰ 2025:
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਲਾਲੇਆਣਾ ਵਿੱਚ ਭਾਈਚਾਰਕ ਸਾਂਝ ਦੀ ਇਕ ਨਵੀਂ ਅਤੇ ਪ੍ਰੇਰਕ ਮਿਸਾਲ ਸਾਹਮਣੇ ਆਈ ਹੈ। ਪਿੰਡ ਵਾਸੀਆਂ ਵੱਲੋਂ ਚਾਰੇ ਸਿਆਸੀ ਪਾਰਟੀਆਂ ਦਾ ਇਕੋ ਸਾਂਝਾ ਪੋਲਿੰਗ ਬੂਥ ਅਤੇ ਸਾਂਝਾ ਟੈਂਟ ਲਗਾਇਆ ਗਿਆ, ਜਿਸ ਨਾਲ ਅਮਨ-ਸ਼ਾਂਤੀ ਜਿਸ ਨਾਲ ਲੋਕਤੰਤਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਮਿਲੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਖਾਲਸਾ,ਕਾਂਗਰਸ ਵੱਲੋਂ ਕਿਸ਼ੋਰੀ ਲਾਲ (ਸਾਬਕਾ ਸਰਪੰਚ), ਬੀਜੇਪੀ ਵੱਲੋਂ ਰਿੰਕੂ ਸ਼ਰਮਾ ਅਤੇ ਅਕਾਲੀ ਦਲ ਬਾਦਲ ਵੱਲੋਂ ਗੁਲਾਬ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਵਿੱਚ ਹਰ ਵਾਰ ਚੋਣਾਂ ਦੌਰਾਨ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਕੋਸ਼ਿਸ਼ ਹਮੇਸ਼ਾ ਸਫਲ ਵੀ ਰਹੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਲੋਕਲ ਆਗੂ ਬਹਾਦਰ ਸਿੰਘ ਸੰਧੂ ਵੱਲੋਂ ਪਾਈ ਗਈ ਨਵੀਂ ਪਿਰਤ ਦੀ ਵੀ ਸ਼ਲਾਘਾ ਕਰਦਿਆਂ ਦੱਸਿਆ ਕਿ ਬਹਾਦਰ ਸਿੰਘ ਸੰਧੂ ਨੇ ਸਵੇਰ ਤੋਂ ਸ਼ਾਮ ਤੱਕ ਸਾਰੀਆਂ ਪਾਰਟੀਆਂ ਦੇ ਆਗੂਆਂ, ਵਰਕਰਾਂ, ਆਮ ਵੋਟਰਾਂ ਅਤੇ ਪੋਲਿੰਗ ਸਟਾਫ ਲਈ ਸਾਦੇ ਖਾਣ ਪੀਣ ਦੇ ਲੰਗਰ ਲਗਾਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਧੀਆ ਉਪਰਾਲਾ ਕੀਤਾ ਗਿਆ।
ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲਾਂ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਪਰ ਆਪ ਆਗੂ ਬਹਾਦਰ ਸਿੰਘ ਸੰਧੂ ਵੱਲੋਂ ਪਿੰਡ ਵਾਸੀਆਂ ਲਈ ਖੁੱਲਾ ਲੰਗਰ ਲਗਾਕੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਿਜਦਾ ਕਰਨ ਵਾਲਾ ਕਾਰਜ ਕਰਕੇ ਸਕਾਰਾਤਮਕ ਅਤੇ ਨਵੀਂ ਮਿਸਾਲ ਕਾਇਮ ਕੀਤੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਪਿੰਡ ਲਾਲੇਆਣਾ ਵਿੱਚ ਸਾਰੇ ਉਮੀਦਵਾਰਾਂ ਦਾ ਸਾਂਝਾ ਪੋਲਿੰਗ ਬੂਥ ਲਗਾਉਣਾ, ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਭਾਗ ਲੈਣਾ ਹਰ ਵੋਟਰ ਦਾ ਮੁੱਢਲਾ ਫਰਜ਼ ਹੈ ਅਤੇ ਇਸਦੇ ਨਾਲ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਅੰਤ ਵਿੱਚ ਸਪੀਕਰ ਸੰਧਵਾਂ ਨੇ ਅਪੀਲ ਕੀਤੀ ਕਿ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਇਸ ਉਪਰਾਲੇ ਤੋਂ ਸਮੂਹ ਪੰਜਾਬ ਵਾਸੀਆਂ ਨੂੰ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਖਜੀਤ ਢਿੱਲਵਾਂ, ਮੌਂਗਾ ਜੀ ਸਮੇਤ ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।।
